ਸੀਆਰਪੀਐੱਫ ਦੀਆਂ ਤਿੰਨ ਬਟਾਲੀਅਨਾਂ ਜੰਮੂ ’ਚ ਤਾਇਨਾਤ ਕਰਨ ਦੇ ਹੁਕਮ
ਕੇਂਦਰ ਸਰਕਾਰ ਨੇ ਅਤਿਵਾਦ ਰੋਕੂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਜੰਮੂ ਖੇਤਰ ’ਚ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਦੀਆਂ ਤਿੰਨ ਬਟਾਲੀਅਨਾਂ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ। ਇਹ ਇਕਾਈਆਂ ਊਧਮਪੁਰ ਤੇ ਕਠੂਆ ਜ਼ਿਲ੍ਹਿਆਂ ’ਚ ਤਾਇਨਾਤ ਰਾਸ਼ਟਰੀ ਰਾਈਫਲਜ਼ (ਸੈਨਾ) ਦੀਆਂ ਇਕਾਈਆਂ ਤੋਂ ਕਾਰਜਭਾਰ ਸੰਭਾਲਣਗੀਆਂ। ਸੂਤਰਾਂ ਨੇ ਦੱਸਿਆ ਕਿ ਸੈਨਾ ਦੀਆਂ ਇਕਾਈਆਂ ਨੂੰ ਨਵੇਂ ਕਾਰਜ ਸੌਂਪੇ ਜਾਣਗੇ। ਜੰਮੂ ਖੇਤਰ ’ਚ ਸੀਆਰਪੀਐੱਫ ਇਕਾਈਆਂ ਦੀ ਤਾਇਨਾਤੀ ਇੱਕ ਨਵੀਂ ਸੁਰੱਖਿਆ ਰਣਨੀਤੀ ਦਾ ਹਿੱਸਾ ਹੈ। ਅੰਦਰੂਨੀ ਇਲਾਕਿਆਂ ਅਧੀਨ ਆਉਂਦੀਆਂ ਥਾਵਾਂ ਨੂੰ ਜਿੱਥੇ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਆਉਂਦੀਆਂ ਫੋਰਸਾਂ ਸੌਂਪਣ ਦੀ ਤਜਵੀਜ਼ ਹੈ ਉੱਥੇ ਹੀ ਸੈਨਾ ਦੀਆਂ ਇਕਾਈਆਂ ਦੀ ਵਰਤੋਂ ਕੰਟਰੋਲ ਰੇਖਾ (ਐੱਲਓਸੀ) ਅਤੇ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਸੁਰੱਖਿਆ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਸੀਆਰਪੀਐੱਫ ਦੀਆਂ ਤਿੰਨ ਬਟਾਲੀਅਨਾਂ ਨੂੰ ਇਸੇ ਕਾਰਜ ਲਈ ਭੇਜਿਆ ਜਾ ਰਿਹਾ ਹੈ।