ਹਿਮਾਚਲ ’ਚ ਮੀਂਹ ਦਾ ਓਰੇਂਜ ਅਲਰਟ ਜਾਰੀ
ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਸੋਮਵਾਰ ਤੋਂ ਵੀਰਵਾਰ ਤੱਕ ਚਾਰ ਦਿਨਾਂ ਲਈ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਸ਼ਿਮਲਾ ਦੇ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਜਾਰੀ ਹੈ। ਇਸ ਤਹਿਤ ਕਾਂਗੜਾ ਵਿੱਚ ਸ਼ਨੀਵਾਰ ਰਾਤ ਤੋਂ 68.4 ਮਿਲੀਮੀਟਰ ਮੀਂਹ ਪਿਆ। ਇਸੇ ਤਰ੍ਹਾਂ ਮੁਰਾਰੀ ਦੇਵੀ ਵਿੱਚ 52.6 ਮਿਲੀਮੀਟਰ, ਪਾਲਮਪੁਰ ਵਿੱਚ 52 ਮਿਲੀਮੀਟਰ, ਧਰਮਸ਼ਾਲਾ ਵਿੱਚ 16.8 ਮਿਲੀਮੀਟਰ, ਪੰਡੋਹ ਅਤੇ ਬਾਜੂਰਾ ਵਿੱਚ 11.5 ਮਿਲੀਮੀਟਰ, ਕੁਫਰੀ ਵਿੱਚ 11.2 ਮਿਲੀਮੀਟਰ, ਬਿਲਾਸਪੁਰ ਵਿੱਚ 10.4 ਮਿਲੀਮੀਟਰ ਅਤੇ ਕਸੌਲੀ ਵਿੱਚ 10 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (ਐੱਸਈਓਸੀ) ਅਨੁਸਾਰ ਸੂਬੇ ਵਿੱਚ ਕੁੱਲ 360 ਸੜਕਾਂ ਹਾਲੇ ਵੀ ਬੰਦ ਹਨ। ਇਨ੍ਹਾਂ ’ਚੋਂ 214 ਮੰਡੀ ਜ਼ਿਲ੍ਹੇ ਵਿੱਚ ਅਤੇ 92 ਨਾਲ ਲੱਗਦੇ ਕੁੱਲੂ ਜ਼ਿਲ੍ਹੇ ਵਿੱਚ ਹਨ। ਮੌਨਸੂਨ ਸ਼ੁਰੂ ਹੋਣ ਤੋਂ ਹੁਣ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 112 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 37 ਹਾਲੇ ਵੀ ਲਾਪਤਾ ਹਨ। ਇਸ ਤੋਂ ਇਲਾਵਾ 145 ਪਾਵਰ ਟਰਾਂਸਫਾਰਮਰ ਅਤੇ 520 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ। ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਹੁਣ ਤੱਕ 1,988 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਬੇ ਵਿੱਚ ਹੁਣ ਤੱਕ 58 ਅਚਨਚੇਤੀ ਹੜ੍ਹ, 30 ਬੱਦਲ ਫਟਣ ਅਤੇ 53 ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਪਹਿਲੀ ਜੂਨ ਤੋਂ 10 ਅਗਸਤ ਤੱਕ ਸੂਬੇ ਵਿੱਚ ਆਮ ਨਾਲੋਂ 11 ਫੀਸਦੀ ਵਧ, ਭਾਵ 445.5 ਮਿਲੀਮੀਟਰ ਦੇ ਮੁਕਾਬਲੇ 507.3 ਮਿਲੀਮੀਟਰ ਮੀਂਹ ਪਿਆ ਹੈ।