ਸੰਸਦ ’ਚੋਂ ਵਿਰੋਧੀ ਧਿਰ ਦੀ ਗ਼ੈਰਹਾਜ਼ਰੀ ਸਰਕਾਰ ਲਈ ਫ਼ਾਇਦੇਮੰਦ: ਆਜ਼ਾਦ
ਸਾਬਕਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਸੰਸਦ ਦੀ ਕਾਰਵਾਈ ਸੁਖਾਵੇਂ ਮਾਹੌਲ ’ਚ ਚੱਲਣ ਦਿੱਤੀ ਜਾਣੀ ਚਾਹੀਦੀ ਹੈ ਜਦਕਿ ਵਿਰੋਧੀ ਧਿਰ ਵੱਲੋਂ ਕਾਰਵਾਈ ’ਚੋਂ ਗੈਰ-ਹਾਜ਼ਰ ਰਹਿਣ ਨਾਲ ਸਿਰਫ਼ ਸਰਕਾਰ ਨੂੰ ਹੀ ਫ਼ਾਇਦਾ ਹੁੰਦਾ ਹੈ। ਉਨ੍ਹਾਂ ਕਿਹਾ, ‘ਮੈਂ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੇ ਖ਼ਿਲਾਫ਼ ਹਾਂ। ਜੇਕਰ ਤੁਸੀਂ ਕਾਰਵਾਈ ਚੱਲਣ ਹੀ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਚੁਣ ਕੇ ਕਿਉਂ ਇੱਥੇ ਆਉਂਦੇ ਹੋ?’ ਉਨ੍ਹਾਂ ਦੀ ਇਹ ਟਿੱਪਣੀ ਰਾਜ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਕੀਤੇ ਗਏ ਰੌਲੇ ਰੱਪੇ ਦਰਮਿਆਨ ਆਈ ਹੈ, ਜੋ ਸਦਨ ਵਿੱਚ ‘ਅਪਰੇਸ਼ਨ ਸਿੰਧੂਰ’ ਉੱਤੇ ਬਹਿਸ ਕਰਵਾਉਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਈ ਪ੍ਰਤੀਕਿਰਿਆ ਨਾ ਦਿੱਤੇ ਜਾਣ ਤੇ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ’ ਦਾ ਮੁੱਦਾ ਚੁੱਕ ਰਹੇ ਸਨ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਜਦੋਂ ਵਿਰੋਧੀ ਧਿਰ ਵਾਕਆਊਟ ਕਰ ਜਾਂਦੀ ਹੈ ਤਾਂ ਸਰਕਾਰ ਖ਼ੁਸ਼ ਹੋ ਜਾਂਦੀ ਹੈ ਕਿਉਂਕਿ ਇਹ ਆਸਾਨੀ ਨਾਲ ਕਾਨੂੰਨ ਪਾਸ ਕਰ ਸਕਦੀ ਹੈ। ਇਸ ਲਈ ਵਾਕਆਊਟ ਨਾਲ ਸਰਕਾਰ ਦੀ ਮਦਦ ਹੁੰਦੀ ਹੈ, ਇਸ ਨਾਲ ਉਨ੍ਹਾਂ ਦਾ ਵਿਰੋਧ ਨਹੀਂ ਹੁੰਦਾ।’ ਉਹ ਇੱਥੇ ਕਰਵਾਏ ‘ਗਾਂਧੀ ਗਲੋਬਲ ਫੈਮਿਲੀ’ ਨਾਮੀਂ ਪ੍ਰੋਗਰਾਮ ’ਚ ਹਿੱਸਾ ਲੈਣ ਮੌਕੇ ਗੱਲਬਾਤ ਕਰ ਰਹੇ ਸਨ। ਸ੍ਰੀ ਆਜ਼ਾਦ ਪਹਿਲਗਾਮ ਹਮਲੇ ਦੇ ਸਬੰਧ ’ਚ ਕਿਹਾ ਕਿ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਸੁਰੱਖਿਆ ਪ੍ਰਬੰਧ ਫੇਲ੍ਹ ਹੋਣ ਦੀ ਜ਼ਿੰਮੇਵਾਰੀ ਲੈ ਲਈ ਸੀ ਅਤੇ ਇਹ ਕਹਾਣੀ ਇੱਥੇ ਹੀ ਮੁੱਕ ਜਾਂਦੀ ਹੈ। ‘ਅਪਰੇਸ਼ਨ ਮਹਾਦੇਵ’ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਉਹ ਸੁਰੱਖਿਆ ਬਲਾਂ ਵੱਲੋਂ ਕੀਤੇ ਜਾਂਦੇ ਹਰ ਅਪਰੇਸ਼ਨ ਦਾ ਸਮਰਥਨ ਕਰਦੇ ਹਨ ਪਰ ਇਸ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ।