ਕੁਰਸੀਆਂ ਦੀ ਬੋਲੀ ਲਾਉਣ ਲੱਗੇ ਵਿਰੋਧੀ: ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਜਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਪਰਤਦਿਆਂ ਹੀ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ, ‘‘ਮੈਂ ਪੰਜਾਬ ਦੀ ਤਰਕੀ ਲਈ ਕੰਮ ਕਰ ਰਿਹਾ ਹਾਂ, ਪਰ ਕਾਂਗਰਸੀ ਵਰਕਰ ਐੱਮ ਸੀ, ਐੱਮ ਐਲ ਏ, ਮੰਤਰੀਆਂ ਅਤੇ ਮੁੱਖ ਮੰਤਰੀਆਂ ਦੀਆਂ ਕੁਰਸੀਆਂ ਦੀਆਂ ਕੀਮਤਾਂ ਦੱਸਣ ਲੱਗੇ ਹੋਏ ਹਨ।’’ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਆਧੁਨਿਕ ਤਕਨੀਕ ਲਿਆਉਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਆਪਣੇ ਘਰਾਂ ਵਿੱਚ ਵੀ ਕੰਮ ਮਿਲ ਸਕੇ, ਪਰ ਕਾਂਗਰਸੀ ਮੰਡੀਆਂ ਦੇ ਭਾਅ ਵਾਂਗ ਪੰਜਾਬ ਦੀ ਆਰਥਿਕਤਾ ਅਤੇ ਕੁਰਸੀਆਂ ਦੀ ਕੀਮਤ ਲਾਉਣ ਲੱਗੇ ਹੋਏ ਹਨ; ਜਿਸ ਦੀ ਜਿਹੋ-ਜਿਹੀ ਨੀਅਤ ਹੁੰਦੀ ਹੈ, ਬੰਦਾ ਉਹੋ ਜਿਹਾ ਕੰਮ ਕਰਦਾ ਹੈ।
ਸ੍ਰੀ ਮਾਨ ਨੇ ਕਿਹਾ ਕਿ ਜਿਹੜੇ ਲੋਕ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਖਰੀਦਣਗੇ, ਉਹ ਲੋਕਾਂ ਦੀ ਸੇਵਾ ਨਹੀਂ ਕਰਨਗੇ। ਪਹਿਲਾਂ ਉਹ ਲੋਕ ਆਪਣੇ ਪੈਸੇ ਪੂਰੇ ਕਰਨਗੇ। ਇਨ੍ਹਾਂ ਸਿਆਸਤਦਾਨਾਂ ਨੇ ਪੰਜਾਬ ਨੂੰ ਬੋਲੀ ’ਤੇ ਲਾ ਦਿੱਤਾ ਹੈ, ਜਿਹੜਾ ਵੱਧ ਬੋਲੀ ਲਾਊ, ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਦੇ ਕਰਜ਼ੇ ਅਤੇ ਬਿਜਲੀ ਬਿੱਲ ਮੁਆਫ ਕਰਨ ਦੀ ਗੱਲ ਕਰ ਰਹੇ ਹਨ। ਪੰਜਾਬ ਦੇ ਲੋਕ ਸਭ ਕੁਝ ਵੇਖ ਰਹੇ ਹਨ, ਉਹ ਸਮਾਂ ਆਉਣ ’ਤੇ ਸਿਆਸੀ ਆਗੂਆਂ ਦੀ ਕਾਰਗੁਜ਼ਰੀ ਦਾ ਫੈਸਲਾ ਕਰਨਗੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਡਾ. ਨਵਜੋਤ ਕੌਰ ਸਿੱਧੂ ਦੇ ਵਿਵਾਦਤ ਬਿਆਨ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਕਾਰਨ ਪਾਰਟੀ ਅੰਦਰਲਾ ਕਲੇਸ਼ ਜੱਗ ਜ਼ਾਹਿਰ ਹੋ ਗਿਆ ਸੀ। ਹੁਣ ਮੁੱਖ ਮੰਤਰੀ ਦੇ ਇਸ ਬਿਆਨ ਨੇ ਸਿਆਸੀ ਮਾਹੌਲ ਹੋਰ ਭਖਾ ਦਿੱਤਾ ਹੈ। ਸ੍ਰੀ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਸਮਾਂ ਆਉਣ ’ਤੇ ਸਹੀ ਫੈਸਲਾ ਕਰਨਗੇ।
