ਉਪ-ਰਾਸ਼ਟਰਪਤੀ ਚੋਣ ਤੋਂ ਪਹਿਲਾਂ ਵਿਰੋਧੀ ਧਿਰ ਨੇ ਦਿਖਾਈ ਇਕਜੁੱਟਤਾ
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਉਪ ਰਾਸ਼ਟਰਪਤੀ ਦੀ ਚੋਣ ਤੋਂ ਇਕ ਦਿਨ ਪਹਿਲਾਂ ਅੱਜ ਇਕਜੁੱਟਤਾ ਦਿਖਾਉਂਦੇ ਹੋਏ ਇਕ ਮੀਟਿੰਗ ਕੀਤੀ ਅਤੇ ‘ਮੌਕ’ (ਪ੍ਰਤੀਕਾਤਮਕ) ਵੋਟਿੰਗ ਵਿੱਚ ਹਿੱਸਾ ਲਿਆ ਤਾਂ ਜੋ ਮੰਗਲਵਾਰ ਨੂੰ ਵੋਟਿੰਗ ਤੋਂ ਬਾਅਦ ਉਨ੍ਹਾਂ ਦਾ ਇਕ-ਇਕ ਵੋਟ ਵੈਧ ਕਰਾਰ ਹੋਵੇ। ਉਨ੍ਹਾਂ ਸੰਸਦ ਮੈਂਬਰਾਂ ਨੂੰ ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣਨ ਅਤੇ ਇਸ ‘ਵਿਚਾਰਧਾਰਕ ਜੰਗ’ ਵਿੱਚ ਆਜ਼ਾਦ ਤੌਰ ’ਤੇ ਵੋਟ ਪਾਉਣ ਦੀ ਅਪੀਲ ਕੀਤੀ।
ਸੰਸਦ ਮੈਂਬਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਵੋਟ ਬਰਬਾਦ ਨਾ ਹੋਵੇ ਕਿਉਂਕਿ ਪਿਛਲੀ ਵਾਰ ਕੁਝ ਵੋਟਾਂ ਅਵੈਧ ਐਲਾਨ ਦਿੱਤੀਆਂ ਗਈਆਂ ਸਨ। ਉਨ੍ਹਾਂ ਨੂੰ ਵੋਟ ਪਾਉਣ ਦੀ ਪ੍ਰਕਿਰਿਆ ਬਾਰੇ ਵੀ ਜਾਣੂ ਕਰਵਾਇਆ ਗਿਆ। ਆਪਣੀ ਜਿੱਤ ਦਾ ਭਰੋਸਾ ਪ੍ਰਗਟਾਉਂਦੇ ਹੋਏ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਮੌਕਾ ਨਾ ਖੁੰਝਣ ਦੀ ਗੱਲ ਵੀ ਆਖੀ ਗਈ। ਸੰਸਦ ਮੈਂਬਰਾਂ ਨੂੰ ਆਪਣੀ ਪਸੰਦ ਵਜੋਂ ਸਿਰਫ਼ ਇਕ ਹੀ ਉਮੀਦਵਾਰ ਦੇ ਨਾਮ ’ਤੇ ਨਿਸ਼ਾਨ ਲਗਾਉਣ ਅਤੇ ਬੈਲਟ ਪੇਪਰ ’ਤੇ ਆਪਣੀ ਹੋਰ ਕੋਈ ਦੂਜੀ ਪਸੰਦ ਨਾ ਦੇਣ ਲਈ ਕਿਹਾ ਗਿਆ। ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ‘ਸੰਵਿਧਾਨ ਸਦਨ’ ਦੇ ਸੈਂਟਰਲ ਹਾਲ ਵਿੱਚ ਬੈਠ ਕੇ ਆਪਣੀ ਰਣਨੀਤੀ ਬਾਰੇ ਚਰਚਾ ਕੀਤੀ। ਮੀਟਿੰਗ ਵਿੱਚ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੇ ਮੁਖੀ ਸ਼ਰਦ ਪਵਾਰ ਅਤੇ ਕਈ ਹੋਰ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹੋਏ।
ਹੁਸੈਨ, ਮਨੀਕੱਮ ਤੇ ਸ਼ਤਾਬਦੀ ਰਾਏ ਹੋਣਗੇ ਪੋਲਿੰਗ ਏਜੰਟ
ਸੂਤਰਾਂ ਨੇ ਦੱਸਿਆ ਕਿ ਵਿਰੋਧੀ ਧਿਰ ਨੇ ਮੀਟਿੰਗ ਦੌਰਾਨ ਇਹ ਫੈਸਲਾ ਵੀ ਲਿਆ ਹੈ ਕਿ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਸਈਦ ਨਸੀਰ ਹੁਸੈਨ ਤੇ ਮਨੀਕੱਮ ਟੈਗੋਰ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸ਼ਤਾਬਦੀ ਰਾਏ ਵਿਰੋਧੀ ਧਿਰ ਦੇ ਉਮੀਦਵਾਰ ਬੀ ਸੁਦਰਸ਼ਨ ਰੈੱਡੀ ਦੇ ਪੋਲਿੰਗ ਏਜੰਟ ਹੋਣਗੇ ਅਤੇ ਕਾਂਗਰਸ ਸੰਸਦ ਮੈਂਬਰ ਸ਼ਕਤੀ ਸਿੰਘ ਗੋਹਿਲ ਤੇ ਮਨੀਕੱਮ ਟੈਗੋਰ ਕਾਊਂਟਿੰਗ ਏਜੰਟ ਹੋਣਗੇ।