ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਰੋਧੀ ਧਿਰ ਵੱਲੋਂ ਐੱਸਆਈਆਰ ਖ਼ਿਲਾਫ਼ ਸੰਸਦ ’ਚ ਪ੍ਰਦਰਸ਼ਨ

124 ਸਾਲਾ ‘ਵੋਟਰ’ ਦੇ ਨਾਮ ਵਾਲੀ ਟੀ-ਸ਼ਰਟ ਪਾ ਕੇ ਰੋਸ ਪ੍ਰਗਟਾਇਆ; ਵੋਟਰ ਸੂਚੀ ਦੀ ਵਿਸ਼ੇਸ਼ ਪਡ਼ਤਾਲ ਵਾਪਸ ਲੈਣ ਦੀ ਮੰਗ
ਸੰਸਦ ਦੇ ਮਕਰ ਦੁਆਰ ਅੱਗੇ ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਹੋਰ। -ਫੋਟੋ: ਏਐੱਨਆਈ
Advertisement
ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੀਆਂ ਸਹਿਯੋਗੀ ਪਾਰਟੀਆਂ ਦੇ ਕਈ ਸੰਸਦ ਮੈਂਬਰਾਂ ਨੇ ਚੋਣ ਕਮਿਸ਼ਨ ਵੱਲੋਂ ਬਿਹਾਰ ਵਿੱਚ ਵੋਟਰ ਸੂਚੀ ਦੀ ਕੀਤੀ ਜਾ ਰਹੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਖ਼ਿਲਾਫ਼ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚੋਂ ਕਈ ਸੰਸਦ ਮੈਂਬਰਾਂ ਨੇ ਸਫੈਦ ਟੀ-ਸ਼ਰਟਾਂ ਪਾਈਆਂ ਹੋਈਆਂ ਸਨ ਜਿਸ ’ਤੇ ਸੂਬੇ ਦੀ ਵੋਟਰ ਸੂਚੀ ਵਿੱਚ ਕਥਿਤ ਤੌਰ ’ਤੇ ਸ਼ਾਮਲ 124 ਸਾਲਾ ਵੋਟਰ ਦਾ ਨਾਮ ਲਿਖਿਆ ਹੋਇਆ ਸੀ।ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਡੈਰੇਕ ਓ’ਬ੍ਰਾਇਨ, ਡੀਐੱਮਕੇ ਦੇ ਟੀਆਰ ਬਾਲੂ, ਐੱਨਸੀਪੀ (ਐੱਸਪੀ) ਦੀ ਸੁਪ੍ਰਿਆ ਸੂਲੇ, ਨਾਲ ਹੀ ਖੱਬੇ-ਪੱਖੀ ਪਾਰਟੀਆਂ ਅਤੇ ਹੋਰ ਵਿਰੋਧੀ ਧਿਰਾਂ ਦੇ ਮੈਂਬਰ ਸੰਸਦ ਦੇ ਮਕਰ ਦੁਆਰ ਨੇੜੇ ਇਕੱਠੇ ਹੋਏ। ਉਨ੍ਹਾਂ ਨੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ ਅਤੇ ਨਾਅਰੇਬਾਜ਼ੀ ਕਰਦਿਆਂ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਦੀ ਪ੍ਰਕਿਰਿਆ ਵਾਪਸ ਲੈਣ ਦੀ ਮੰਗ ਕੀਤੀ। ਸੰਸਦ ਕੰਪਲੈਕਸ ਵਿੱਚ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨ ਦਾ ਅੱਜ 15ਵਾਂ ਦਿਨ ਹੈ।

ਪ੍ਰਿਯੰਕਾ ਗਾਂਧੀ ਸਮੇਤ ਕਈ ਸੰਸਦ ਮੈਂਬਰਾਂ ਨੇ ਸਫ਼ੈਦ ਟੀ-ਸ਼ਰਟਾਂ ਪਾਈਆਂ ਹੋਈਆਂ ਸਨ, ਜਿਨ੍ਹਾਂ ’ਤੇ ‘ਮਿੰਤਾ ਦੇਵੀ’ ਦਾ ਨਾਮ ਅਤੇ ਤਸਵੀਰ ਛਾਪੀ ਹੋਈ ਸੀ ਅਤੇ ਪਿੱਛੇ ‘124 ਨਾਟ ਆਊਟ’ ਲਿਖਿਆ ਹੋਇਆ ਸੀ। ਕਾਂਗਰਸੀ ਸੰਸਦ ਮੈਂਬਰ ਮਨੀਕਮ ਟੈਗੋਰ ਨੇ ਦੋਸ਼ ਲਾਇਆ ਕਿ ਰਾਜੀਵ ਕੁਮਾਰ ਅਤੇ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਕੇਂਦਰੀ ਚੋਣ ਕਮਿਸ਼ਨ ਭਾਜਪਾ ਦਾ ਵਿਭਾਗ ਬਣ ਗਿਆ ਹੈ। ਉਨ੍ਹਾਂ ਪ੍ਰਦਰਸ਼ਨ ਵਿੱਚ ਹਿੱਸਾ ਲੈਂਦਿਆਂ ਦੋਸ਼ ਲਾਇਆ, ‘‘ਮਿਨਤਾ ਦੇਵੀ ਪਹਿਲੀ ਵਾਰ ਵੋਟਰ ਹੈ ਅਤੇ ਉਸ ਦੀ ਉਮਰ 124 ਸਾਲ ਦੀ ਹੈ। ਉਸਦਾ ਨਾਮ ਵੋਟਰ ਸੂਚੀ ਵਿੱਚ ਪਹਿਲੀ ਵਾਰ ਵੋਟਰ ਵਜੋਂ ਦਰਜ ਹੈ। ਅਸੀਂ ਅਜਿਹੇ ਮੁੱਦਿਆਂ ’ਤੇ ਚਰਚਾ ਚਾਹੁੰਦੇ ਹਾਂ। ਚੋਣ ਕਮਿਸ਼ਨ ਭਾਜਪਾ ਦੀ ਪਾਰਟੀ ਕਿਵੇਂ ਬਣ ਗਿਆ ਹੈ? ਵੋਟਰ ਸੂਚੀ ਇਸ ਤਰ੍ਹਾਂ ਦੀ ਧੋਖਾਧੜੀ ਨਾਲ ਭਰੀ ਹੋਈ ਹੈ।’’ -ਪੀਟੀਆਈ

Advertisement

 

ਚੋਣ ਕਮਿਸ਼ਨ ’ਤੇ ਸਰਕਾਰ ਨਾਲ ਮਿਲੀਭੁਗਤ ਦਾ ਦੋਸ਼

ਸੰਸਦ ਮੈਂਬਰਾਂ ਨੇ ਚੋਣ ਕਮਿਸ਼ਨ ਅਤੇ ਸਰਕਾਰ ਦਰਮਿਆਨ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਪੋਸਟਰਾਂ ਦੇ ਨਾਲ-ਨਾਲ ‘ਸਟਾਪ ਐੱਸਆਈਆਰ’ ਅਤੇ ‘ਵੋਟ ਚੋਰੀ’ ਲਿਖੇ ਪੋਸਟਰ ਵੀ ਹੱਥਾਂ ਵਿੱਚ ਫੜੇ ਹੋਏ ਸਨ। ਵਿਰੋਧੀ ਧਿਰ ਸੰਸਦ ਦੇ ਦੋਵਾਂ ਸਦਨਾਂ ਵਿੱਚ ਐੱਸਆਈਆਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਹੈ ਅਤੇ ਦੋਸ਼ ਲਾ ਰਹੀ ਹੈ ਕਿ ਚੋਣ ਕਮਿਸ਼ਨ ਦੀ ਇਸ ਕਵਾਇਦ ਦਾ ਮਕਸਦ ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਵੋਟਰਾਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਕਰਨਾ ਹੈ’। ਉਹ ਦੋਵਾਂ ਸਦਨਾਂ ਵਿੱਚ ਇਸ ਮੁੱਦੇ ’ਤੇ ਚਰਚਾ ਦੀ ਮੰਗ ਕਰ ਰਹੇ ਹਨ। -ਪੀਟੀਆਈ

 

 

Advertisement