ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੋਕ ਸਭਾ ਵਿਚ ਵਿਰੋਧੀ ਧਿਰਾਂ ਦਾ ਹੰਗਾਮਾ; ਨਹੀਂ ਚੱਲੇ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ, ਸਦਨ ਪੂਰੇ ਦਿਨ ਲਈ ਉਠਾਇਆ

ਵਿਰੋਧੀ ਧਿਰਾਂ ਬਿਹਾਰ SIR ਸਮੇਤ ਹੋਰ ਮੁੱਦਿਆਂ ’ਚ ਚਰਚਾ ਲਈ ਬਜ਼ਿੱਦ; ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੇ ਮੁੜ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ
ਮੌਨਸੂਨ ਇਜਲਾਸ ਦੌਰਾਨ ਲੋਕ ਸਭਾ ਵਿਚ ਨਾਅਰੇਬਾਜ਼ੀ ਕਰਦੇ ਹੋਏ ਵਿਰੋਧੀ ਧਿਰਾਂ ਦੇ ਮੈਂਬਰ। ਫੋਟੋ: ਪੀਟੀਆਈ
Advertisement

ਲੋਕ ਸਭਾ ਵਿਚ ਅੱਜ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (SIR) ਸਮੇਤ ਕਈ ਮੁੱਦਿਆਂ ’ਤੇ ਹੰਗਾਮਾ ਕੀਤਾ। ਵਿਰੋਧੀ ਧਿਰਾਂ ਚਰਚਾ ਦੀ ਆਪਣੀ ਮੰਗ ’ਤੇ ਬਜ਼ਿੱਦ ਰਹੀਆਂ, ਜਿਸ ਕਰਕੇ ਸਦਨ ਦੀ ਕਾਰਵਾਈ ਨੂੰ ਪਹਿਲਾਂ 12 ਵਜੇ ਤੱਕ ਤੇ ਮਗਰੋਂ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਜਿਵੇਂ ਹੀ ਹੇਠਲੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਰਵਾਈ ਕੁਝ ਮਿੰਟਾਂ ਵਿੱਚ ਹੀ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤਰ੍ਹਾਂ ਸਦਨ ਵਿਚ ਪ੍ਰਸ਼ਨ ਕਾਲ ਤੇ ਸਿਫਰ ਕਾਲ ਹੰਗਾਮੇ ਦੀ ਭੇਟ ਚੜ੍ਹ ਗਏ। ਜਦੋਂ ਦੁਪਹਿਰ 12 ਵਜੇ ਸਦਨ ਮੁੜ ਜੁੜਿਆ ਤਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕੁਝ ਮੈਂਬਰ ਚੇਅਰਮੈਨ ਦੀ ਕੁਰਸੀ ਨੇੜੇ ਨਾਅਰੇਬਾਜ਼ੀ ਕਰਦੇ ਦੇਖੇ ਗਏ। ਕੁਝ ਮੈਂਬਰ ਵੋਟਰ ਸੂਚੀਆਂ ਵਿਚ ਵਿਸ਼ੇਸ਼ ਵਿਆਪਕ ਸੋਧ ਵਿਰੁੱਧ ਨਾਅਰੇ ਵਾਲੀਆਂ ਤਖ਼ਤੀਆਂ ਲਹਿਰਾ ਰਹੇ ਸਨ। ਬਾਅਦ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਨੂੰ ਪੂਰੇ ਦਿਨ ਲਈ ਉਠਾ ਦਿੱਤਾ ਗਿਆ।

Advertisement

ਲੋਕ ਸਭਾ ਵਿਚ ਸਦਨ ਦੀ ਕਾਰਵਾਈ ਚਲਾ ਰਹੇ ਜਗਦੰਬਿਕਾ ਪਾਲ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਸ਼ਾਂਤ ਹੋਣ ਤੇ ਸੀਟਾਂ ’ਤੇ ਬੈਠਣ ਦੀ ਅਪੀਲ ਕਰਦੇ ਹੋਏ। ਫੋਟੋ: ਪੀਟੀਆਈ

ਇਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਜਗਦੰਬਿਕਾ ਪਾਲ ਨੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਜਾਣ ਅਤੇ ਕਾਰਵਾਈ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਕੱਲ੍ਹ ਤੁਸੀਂ ਆਪ੍ਰੇਸ਼ਨ ਸਿੰਧੂਰ ’ਤੇ ਚਰਚਾ ਚਾਹੁੰਦੇ ਸੀ। ਬਿਜ਼ਨਸ ਐਡਵਾਈਜ਼ਰੀ ਕਮੇਟੀ (BAC) ਨੇ ਇਸ ਮੁੱਦੇ ’ਤੇ 16 ਘੰਟੇ ਦੀ ਚਰਚਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤੁਹਾਨੂੰ BAC ਵਿੱਚ SIR ’ਤੇ ਚਰਚਾ ਦੀ ਮੰਗ ਵੀ ਲਿਆਉਣੀ ਚਾਹੀਦੀ ਹੈ। ਉੱਥੇ ਫੈਸਲਾ ਲਿਆ ਜਾਵੇਗਾ।’’

ਮੈਂਬਰਾਂ ਵੱਲੋਂ ਤਖ਼ਤੀਆਂ ਦਿਖਾਏ ਜਾਣ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ, ‘‘ਇੱਥੇ ਤਖ਼ਤੀਆਂ ਨਾ ਦਿਖਾਓ। ਇਹ ਸਦਨ ਦੀ ਸ਼ਾਨ ਅਤੇ ਮਰਿਆਦਾ ਨੂੰ ਠੇਸ ਪਹੁੰਚਾਉਂਦਾ ਹੈ। ਜੇਕਰ ਤੁਸੀਂ ਇਸ ਵਿਸ਼ੇ ’ਤੇ ਚਰਚਾ ਕਰਨਾ ਚਾਹੁੰਦੇ ਹੋ, ਤਾਂ ਇਸ ਮੁੱਦੇ ਅਤੇ ਹੋਰ ਮੁੱਦਿਆਂ ਨੂੰ BAC ਮੀਟਿੰਗ ਵਿੱਚ ਲਿਆਓ, ਉੱਥੇ ਫੈਸਲਾ ਲਿਆ ਜਾਵੇਗਾ। ਸਰਕਾਰ ਸਾਰੇ ਵਿਸ਼ਿਆਂ ’ਤੇ ਚਰਚਾ ਕਰਨ ਅਤੇ ਜਵਾਬ ਦੇਣ ਲਈ ਤਿਆਰ ਹੈ।’’

ਸੰਸਦੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਸਰਕਾਰ ਕਿਸੇ ਵੀ ਵਿਸ਼ੇ ’ਤੇ ਚਰਚਾ ਕਰਨ ਲਈ ਤਿਆਰ ਹੈ ਜਿਸ ’ਤੇ ਚੇਅਰਮੈਨ ਨਿਯਮਾਂ  ਤਹਿਤ ਚਰਚਾ ਦੀ ਇਜਾਜ਼ਤ ਦਿੰਦੇ ਹਨ। ਚੇਅਰਮੈਨ ਜਗਦੰਬਿਕਾ ਪਾਲ ਨੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਕਾਰਵਾਈ ਜਾਰੀ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ, ‘‘ਸਿਫ਼ਰ ਕਾਲ ਜਾਰੀ ਰਹਿਣ ਦਿਓ। ਮੈਂ ਸਦਨ ਚਲਾਉਣਾ ਚਾਹੁੰਦਾ ਹਾਂ ਪਰ ਮੈਂ ਤੁਹਾਨੂੰ ਸਹਿਯੋਗ ਕਰਨ ਦੀ ਬੇਨਤੀ ਕਰਦਾ ਹਾਂ।’’ ਜਦੋਂ ਵਿਰੋਧੀ ਪਾਰਟੀਆਂ ਦਾ ਰੌਲਾ ਨਹੀਂ ਰੁਕਿਆ, ਤਾਂ ਉਨ੍ਹਾਂ ਨੇ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਕਰੀਬ 10 ਮਿੰਟ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ।

ਇਸ ਤੋਂ ਪਹਿਲਾਂ ਜਦੋਂ ਸਵੇਰੇ ਕਾਰਵਾਈ ਸ਼ੁਰੂ ਹੋਈ, ਤਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ SIR ਮੁੱਦੇ ’ਤੇ ਚਰਚਾ ਦੀ ਮੰਗ ਕਰਦੇ ਹੋਏ ਹੰਗਾਮਾ ਕੀਤਾ।

ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਲੋਕ ਸਭਾ ਵਿਚ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਸੀਟਾਂ ’ਤੇ ਬੈਠਣ ਲਈ ਆਖਦੇੇ ਹੋਏ। ਫੋਟੋ: ਪੀਟੀਆਈ

ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅੱਜ ਪ੍ਰਸ਼ਨ ਕਾਲ ਦੌਰਾਨ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਹੋਣੀ ਹੈ, ਇਸ ਲਈ ਵਿਰੋਧੀ ਧਿਰ ਨੂੰ ਸਦਨ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ।

ਲੋਕ ਸਭਾ ਦੇ ਸਪੀਕਰ ਓਮ ਬਿਰਲਾ ਸੰਸਦ ਮੈਂਬਰਾਂ ਨੂੰ ਹੰਗਾਮਾ ਕਰਨ ਤੋਂ ਰੋਕਦੇ ਹੋਏ। ਫੋਟੋ: ਪੀਟੀਆਈ

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਜਾਣ ਅਤੇ ਸਦਨ ਨੂੰ ਕੰਮ ਕਰਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਕੀ ਤੁਸੀਂ ਲੋਕ ਦੇਸ਼ ਦੇ ਕਿਸਾਨਾਂ ਅਤੇ ਉਨ੍ਹਾਂ ਦੇ ਮੁੱਦਿਆਂ ’ਤੇ ਚਰਚਾ ਨਹੀਂ ਕਰਨਾ ਚਾਹੁੰਦੇ? ਤੁਸੀਂ ਹੰਗਾਮਾ ਕਰਨ ਲਈ ਤਖ਼ਤੀਆਂ ਲੈ ਕੇ ਆਓਗੇ, ਇਹ ਸਦਨ ਦੀ ਰਵਾਇਤਾਂ ਅਨੁਸਾਰ ਨਹੀਂ ਹੈ। ਤੁਸੀਂ ਲੋਕ ਆਪਣੀਆਂ ਸੀਟਾਂ ’ਤੇ ਬੈਠੋ, ਸਦਨ ਨੂੰ ਚੱਲਣ ਦਿਓ।’’ ਜਦੋਂ ਹੰਗਾਮਾ ਨਹੀਂ ਰੁਕਿਆ, ਤਾਂ ਉਨ੍ਹਾਂ ਨੇ ਸਦਨ ਦੀ ਕਾਰਵਾਈ ਸਵੇਰੇ 11:03 ਵਜੇ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ।

Advertisement