ਵਿਰੋਧੀ ਧਿਰ ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਬਾਰੇ ਚਰਚਾ ਲਈ ਮੀਟਿੰਗ
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰਾਂ ਨੂੰ, ਜੋ ਵੋਟ ਚੋਰੀ ਦੇ ਦੋਸ਼ ਲਗਾ ਰਹੇ ਹਨ, ਇੱਕ ਹਫ਼ਤੇ ਦੇ ਅੰਦਰ ਸਬੂਤ ਪੇਸ਼ ਕਰਨ ਜਾਂ ਮੁਆਫ਼ੀ ਮੰਗਣ ਲਈ ਕਹਿਣ ਤੋਂ ਇੱਕ ਦਿਨ ਬਾਅਦ ਇੰਡੀਆ ਬਲਾਕ ਨੇ ਸੋਮਵਾਰ ਨੂੰ ਇੱਥੇ ਕੁਮਾਰ ਨੂੰ ਹਟਾਉਣ ਬਾਰੇ ਚਰਚਾ ਕਰਨ ਲਈ ਮੀਟਿੰਗ ਕੀਤੀ ਹੈ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੇ ਚੈਂਬਰ ਵਿੱਚ ਹੋਈ ਮੀਟਿੰਗ ਵਿੱਚ ਇਸ ਮੁੱਦੇ 'ਤੇ ਚਰਚਾ ਕੀਤੀ ਗਈ ਅਤੇ ਉਪ-ਰਾਸ਼ਟਰਪਤੀ ਚੋਣ ਦੇ ਉਮੀਦਵਾਰ ਬਾਰੇ ਅਜੇ ਕੋਈ ਗੱਲਬਾਤ ਨਹੀਂ ਹੋਈ। ਮੁੱਖ ਚੋਣ ਕਮਿਸ਼ਨਰ ਨੂੰ ‘ਸਾਬਤ ਹੋਏ ਦੁਰਵਿਹਾਰ ਜਾਂ ਅਯੋਗਤਾ’ ਦੇ ਆਧਾਰ ’ਤੇ ਹਟਾਇਆ ਜਾ ਸਕਦਾ ਹੈ।
ਉਸ ਨੂੰ ਰਾਸ਼ਟਰਪਤੀ ਸੰਸਦ ਦੇ ਦੋਵਾਂ ਸਦਨਾਂ ਵੱਲੋਂ ਪਾਸ ਕੀਤੇ ਮਤੇ ਦੇ ਆਧਾਰ ’ਤੇ ਹਟਾ ਸਕਦਾ ਹੈ। ਪਰ ਵੋਟਿੰਗ ਵਿੱਚ ਦੋ ਤਿਹਾਈ ਮੈਂਬਰ ਸ਼ਾਮਲ ਹੋਣ ਅਤੇ ਕੁੱਲ ਮੈਂਬਰਾਂ ਵਿੱਚੋਂ 50 ਫੀਸਦੀ ਤੋਂ ਵੱਧ ਦਾ ਸਮਰਥਨ ਪ੍ਰਾਪਤ ਹੋਵੇ। ਸੰਵਿਧਾਨ ਸੀਈਸੀ ਨੂੰ ਹਟਾਉਣ ਲਈ 'ਮਹਾਂਦੋਸ਼' ਸ਼ਬਦ ਦੀ ਵਰਤੋਂ ਨਹੀਂ ਕਰਦਾ।
ਵਿਰੋਧੀ ਧਿਰ ਦੇ ਨੇਤਾਵਾਂ ਨੇ ਕਿਹਾ ਕਿ ਕੁਮਾਰ ਨੂੰ ਹਟਾਉਣ ਦਾ ਪ੍ਰਸਤਾਵ ਸ਼ੁਰੂਆਤੀ ਪੜਾਅ ’ਤੇ ਹੈ। ਆਗੂ ਇਸ ਤੱਥ ਤੋਂ ਜਾਣੂ ਹਨ ਕਿ ਉਨ੍ਹਾਂ ਕੋਲ ਲੋੜੀਂਦੇ ਅੰਕੜੇ ਨਹੀਂ ਹਨ।