ਅਪਰੇਸ਼ਨ ਸਿੰਧੂਰ ਕਿਸੇ ਦੇ ਦਖ਼ਲ ਨਾਲ ਨਹੀਂ ਰੋਕਿਆ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ‘ਅਪਰੇਸ਼ਨ ਸਿੰਧੂਰ’ ਮਗਰੋਂ ਭਾਰਤ-ਪਾਕਿਸਤਾਨ ਤਣਾਅ ਰੋਕਣ ’ਚ ਉਨ੍ਹਾਂ ਨੇ ਦਖਲ ਦਿੱਤਾ ਸੀ ਅਤੇ ਨਾਲ ਹੀ ਕਿਹਾ ਕਿ ਦਹਿਸ਼ਤਗਰਦਾਂ ਖਿਲਾਫ਼ ਕਾਰਵਾਈ ਕਿਸੇ ਤੀਜੀ ਧਿਰ ਦੀ ਵਿਚੋਲਗੀ ਕਾਰਨ ਮੁਲਤਵੀ ਨਹੀਂ ਕੀਤੀ ਗਈ। ਰੱਖਿਆ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਇੱਥੇ ਕਰਵਾਏ ‘ਹੈਦਰਾਬਾਦ ਮੁਕਤੀ ਦਿਵਸ’ ਸਮਾਗਮ ਮੌਕੇ ਆਖਿਆ ਕਿ ਜੇਕਰ ਭਵਿੱਖ ’ਚ ਕੋਈ ਹਮਲਾ ਹੋਇਆ ਤਾਂ ‘ਅਪਰੇਸ਼ਨ ਸਿੰਧੂਰ’ ਮੁੜ ਸ਼ੁਰੂ ਹੋਵੇਗਾ
ਉਨ੍ਹਾਂ ਕਿਹਾ, ‘‘ਕੁਝ ਲੋਕ ਪੁੱਛ ਰਹੇ ਹਨ ਕੀ ਭਾਰਤ-ਪਾਕਿਸਤਾਨ ਵਿਚਾਲੇ ਗੋਲੀਬੰਦੀ ਕਿਸੇ ਦੇ ਦਖਲ ਨਾਲ ਹੋਈ ਹੈੈ? ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਕਿਸੇ ਦੀ ਦਖਲਅੰਦਾਜ਼ੀ ਨਾਲ ਨਹੀਂ ਰੋਕੀ ਗਈ ਸੀ।’’ ਰੱਖਿਆ ਮੰਤਰੀ ਨੇ ਕਿਹਾ, ‘‘ਕੁਝ ਲੋਕ ਭਾਰਤ-ਪਾਕਿ ਦਰਮਿਆਨ ਅਪਰੇਸ਼ਨ ਰੋਕਣ ਦਾ ਦਾਅਵਾ ਕਰਦੇ ਹਨ। ਪਰ ਕਿਸੇ ਨੇ ਅਜਿਹਾ ਨਹੀਂ ਕੀਤਾ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਭਾਰਤ ਨੇ ਇਸ ਮਾਮਲੇ ’ਚ ਤੀਜੀ ਧਿਰ ਦੀ ਭੂਮਿਕਾ ਨਕਾਰ ਦਿੱਤੀ ਸੀ।’’ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਦੁਵੱਲਾ ਮਾਮਲਾ ਹੈ ਅਤੇ ਕੋਈ ਤੀਜੀ ਧਿਰ ਇਸ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀ। ਰਾਜਨਾਥ ਨੇ ਆਖਿਆ ਕਿ ਜੈਸ਼-ਮੁਹੰਮਦ ਦੇ ਕਮਾਂਡਰ ਨੇ ਇਹ ਗੱਲ ਕਬੂਲੀ ਹੈ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਪਾਕਿ ’ਚ ਭਾਰਤੀ ਮਿਜ਼ਾਈਲ ਦੇ ਹਮਲੇ ਕਾਰਨ ਦਹਿਸ਼ਤੀ ਸੰਗਠਨ ਦੇ ਮੁਖੀ ਮਸੂਦ ਅਜ਼ਹਰ ਦੇ ਪਰਿਵਾਰਕ ਮੈਂਬਰ ਮਾਰੇ ਗਏ ਸਨ।