‘ਆਪਰੇਸ਼ਨ ਸਿੰਧੂਰ’ ਦਾ ਮਕਸਦ ਜੰਗ ਛੇੜਨਾ ਨਹੀਂ ਸੀ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਫੌਜ ਨੇ ਆਪਰੇਸ਼ਨ ਸਿੰਧੂਰ ਦੇ ਸਾਰੇ ਟੀਚਿਆਂ ਨੂੰ ਹਾਸਲ ਕਰ ਲਿਆ ਹੈ, ਪਰ ਸਰਹੱਦ ਪਾਰੋਂ ਅਤਿਵਾਦ ਖਿਲਾਫ਼ ਉਨ੍ਹਾਂ ਦੀ ਲੜਾਈ ਜਾਰੀ ਰਹੇੇਗੀ।
ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਆਪਰੇਸ਼ਨ ਸਿੰਧੂਰ ਦੌਰਾਨ ਭਾਰਤ ਦੀ ਰੱਖਿਆ ਪ੍ਰਣਾਲੀ ਵਿਚ ਸੰਨ੍ਹ ਲਾਉਣ ਦੀ ਨਾਕਾਮ ਕੋਸ਼ਿਸ਼ ਕੀਤੀ, ਪਰ ਭਾਰਤੀ ਫੌਜ ਨੇ ਪਾਕਿਸਤਾਨੀ ਹਵਾਈ ਸੈਨਾ ਦੀ ਰੱਖਿਆ ਤਾਣੇ ਬਾਣੇ ਨੂੰ ‘ਬੇਨਕਾਬ’ ਕਰ ਦਿੱਤਾ ਤੇ ਕੁੱਲ ਆਲਮ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਰਵਾਇਤੀ ਵਿਰੋਧੀ ਨੂੰ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ।
ਰੱਖਿਆ ਮੰਤਰੀ ‘ਸ਼ਸਤਰ ਪੂਜਾ’ ਤੋਂ ਪਹਿਲਾਂ ਗੁਜਰਾਤ ਦੇ ਭੁੱਜ ਵਿਚ ਫੌਜੀ ਹਵਾਈ ਅੱਡੇ ’ਤੇ ਫੌਜੀਆਂ ਦੇ ਇਕ ਸਮੂਹ ਨੂੰ ਸੰਬੋਧਨ ਕਰ ਰਹੇ ਸਨ।
ਰਾਜਨਾਥ ਸਿੰਘ ਨੇ ਕਿਹਾ, ‘‘ਆਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੇ ਲੇਹ ਤੋਂ ਲੈ ਕੇ ਸਰ ਕਰੀਕ ਤੱਕ ਭਾਰਤ ਦੀ ਰੱਖਿਆ ਪ੍ਰਣਾਲੀ ਵਿਚ ਸੰਨ੍ਹ ਲਾਉਣ ਦੀ ਨਾਕਾਮ ਕੋਸ਼ਿਸ਼ ਕੀਤੀ।’’ ਸਿੰਘ ਨੇ ਕਿਹਾ, ‘‘ਆਪਣੀ ਜਵਾਬੀ ਕਾਰਵਾਈ ਵਿਚ ਭਾਰਤੀ ਫੌਜ ਨੇ ਪਾਕਿਸਤਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਤੇ ਕੁਲ ਆਲਮ ਨੂੰ ਸੁਨੇਹਾ ਦਿੱਤਾ ਕਿ ਭਾਰਤੀ ਫੌਜ ਜਦੋਂ ਚਾਹੇ, ਜਿੱਥੇ ਚਾਹੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ।’’
ਸਿੰਘ ਨੇ ਕਿਹਾ ਕਿ ਭਾਰਤ ਨੇ ਸੰਜਮ ਨਾਲ ਕੰਮ ਲਿਆ ਕਿਉਂਕਿ ਉਸ ਦੀ ਫੌਜੀ ਕਾਰਵਾਈ ਅਤਿਵਾਦ ਖਿਲਾਫ਼ ਸੀ। ਉਨ੍ਹਾਂ ਕਿਹਾ, ‘‘ਆਪਰੇਸ਼ਨ ਸਿੰਧੂਰ ਦਾ ਮਕਸਦ ਜੰਗ ਛੇੜਨਾ ਨਹੀਂ ਸੀ। ਮੈਨੂੰ ਖ਼ੁਸ਼ੀ ਹੈ ਕਿ ਭਾਰਤੀ ਫੌਜ ਨੇ ਆਪਰੇਸ਼ਨ ਸਿੰਧੂਰ ਦੇ ਸਾਰੇ ਫੌਜੀ ਟੀਚਿਆਂ ਨੂੰ ਸਫ਼ਲਤਾ ਨਾਲ ਹਾਸਲ ਕੀਤਾ। ਪਰ ਅਤਿਵਾਦ ਖਿਲਾਫ਼ ਲੜਾਈ ਜਾਰੀ ਹੈ।’’