‘ਆਪਰੇਸ਼ਨ ਸਿੰਧੂਰ’ ਰਵਾਇਤੀ ਜੰਗ ਨਹੀਂ, ਸ਼ਤਰੰਜ ਦੀ ਬਾਜ਼ੀ ਸੀ: ਥਲ ਸੈਨਾ ਮੁਖੀ
ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ‘ਆਪਰੇਸ਼ਨ ਸਿੰਧੂਰ’ ਕਿਸੇ ਵੀ ਰਵਾਇਤੀ ਮਿਸ਼ਨ ਨਾਲੋਂ ਵੱਖ ਸੀ ਤੇ ਇਹ ਸ਼ਤਰੰਜ ਦੀ ਬਾਜ਼ੀ ਜਿਹਾ ਸੀ ਕਿਉਂਕਿ ‘ਸਾਨੂੰ ਨਹੀਂ ਪਤਾ ਸੀ’ ਕਿ ਦੁਸ਼ਮਣ ਦੀ ਅਗਲੀ ਚਾਲ ਕੀ ਹੋਵੇਗੀ। ਆਈਆਈਟੀ ਮਦਰਾਸ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ 22 ਅਪਰੈਲ ਦੇ ਪਹਿਲਗਾਮ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਮਈ ਵਿਚ ਕੀਤੀ ਗਈ ਭਾਰਤ ਦੀ ਫੈਸਲਾਕੁਨ ਫੌਜੀ ਕਾਰਵਾਈ ਦੀ ਪੇਚੀਦਗੀਆਂ ਨੂੰ ਯਾਦ ਕੀਤਾ।
ਜਨਰਲ ਦਿਵੇਦੀ ਨੇ ਇਸ ਨੂੰ ਸ਼ਤਰੰਜ ਦੀ ਬਾਜ਼ੀ ਦੱਸਿਆ। ਉਨ੍ਹਾਂ ਕਿਹਾ, ‘‘ਅਪਰੇਸ਼ਨ ਸਿੰਧੂਰ ਵਿਚ ਅਸੀਂ ਸ਼ਤਰੰਜ ਦੀ ਬਾਜ਼ੀ ਖੇਡੀ। ਇਸ ਦਾ ਕੀ ਮਤਲਬ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਦੁਸ਼ਮਣ ਦੀ ਅਗਲੀ ਚਾਲ ਕੀ ਹੋਵੇਗੀ ਤੇ ਅਸੀਂ ਕੀ ਕਰਨ ਵਾਲੇ ਹਾਂ। ਇਸ ਨੂੰ ਅਸੀਂ ‘ਗ੍ਰੇਅ ਜ਼ੋਨ’ ਕਹਿੰਦੇ ਹੈ। ਗ੍ਰੇਅ ਜ਼ੋਨ ਦਾ ਮਤਲਬ ਹੈ ਕਿ ਅਸੀਂ ਰਵਾਇਤੀ ਆਪਰੇਸ਼ਨ ਨਹੀਂ ਕਰ ਰਹੇ, ਪਰ ਅਸੀਂ ਕੁਝ ਅਜਿਹਾ ਕਰ ਰਹੇ ਹਾਂ ਜੋ ਰਵਾਇਤੀ ‘ਅਪਰੇਸ਼ਨ’ ਤੋਂ ਥੋੜ੍ਹਾ ਵੱਖ ਹੋਵੇ।’’
ਉਨ੍ਹਾਂ ਕਿਹਾ, ‘‘ਰਵਾਇਤੀ ਆਪਰੇਸ਼ਨ ਦਾ ਮਤਲਬ ਹੈ, ਸਭ ਕੁਝ ਲੈ ਕੇ ਜਾਓ, ਜੋ ਕੁਝ ਤੁਹਾਡੇ ਕੋਲ ਹੈ ਉਸ ਨੂੰ ਲੈ ਜਾਓ ਤੇ ਜੇਕਰ ਵਾਪਸ ਆ ਸਕਦੇ ਹੋ ਤਾਂ ਵਾਪਸ ਆ ਜਾਓ, ਨਹੀਂ ਤਾਂ ਉਥੇ ਰਹੋ। ਇਸ ਨੂੰ ਰਵਾਇਤੀ ਤਰੀਕਾ ਕਿਹਾ ਜਾਂਦਾ ਹੈ। ਇਥੇ ਗ੍ਰੇਅ ਜ਼ੋਨ ਦਾ ਮਤਲਬ ਹੈ ਕਿ ਹਰ ਖੇਤਰ ਵਿਚ ਹੋਣ ਵਾਲੀ ਕੋਈ ਵੀ ਸਰਗਰਮੀ, ਅਸੀਂ ਇਸੇ ਬਾਰੇ ਗੱਲ ਕਰ ਰਹੇ ਹਾਂ ਤੇ ‘ਆਪਰੇਸ਼ਨ ਸਿੰਧੂਰ’ ਨੇ ਸਾਨੂੰ ਸਿਖਾਇਆ ਹੈ ਇਹੀ ‘ਗ੍ਰੇਅ ਜ਼ੋਨ’ ਹੈ।’’
ਥਲ ਸੈਨਾ ਮੁਖੀ ਨੇ ਕਿਹਾ, ‘‘'ਅਸੀਂ ਸ਼ਤਰੰਜ ਦੀ ਬਾਜ਼ੀ ਖੇਡ ਰਹੇ ਸੀ ਤੇ ਉਹ (ਦੁਸ਼ਮਣ) ਵੀ ਸ਼ਤਰੰਜ ਦੀਆਂ ਚਾਲਾਂ ਚੱਲ ਰਿਹਾ ਸੀ। ਕਿਤੇ ਅਸੀਂ ਉਨ੍ਹਾਂ ਨੂੰ ਸ਼ਹਿ ਤੇ ਮਾਤ ਦੇ ਰਹੇ ਸੀ, ਤੇ ਕਿਤੇ ਅਸੀਂ ਆਪਣੀ ਜਾਨ ਗੁਆਉਣ ਦੇ ਦਾਅ ਉੱਤੇ ਵੀ ਉਨ੍ਹਾਂ ਨੂੰ ਮਾਤ ਦੇਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਜ਼ਿੰਦਗੀ ਦਾ ਇਹੀ ਮਤਲਬ ਹੈ।’’ ਮਈ ਵਿਚ ‘ਆਪਰੇਸ਼ਨ ਸਿੰਧੂਰ’ ਤਹਿਤ ਭਾਰਤ ਹਵਾਈ ਸੈਨਾ ਨੇ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਦਹਿਸ਼ਤੀ ਟਿਕਾਣਿਆਂ ਨਾਲ ਜੁੜੇ ਕਈ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ ਸਨ। ਇਸ ਕਾਰਵਾਈ ਦਾ ਮਕਸਦ ਪਹਿਲਗਾਮ ਹਮਲੇ ਮਗਰੋਂ ਦਹਿਸ਼ਤੀ ਢਾਂਚੇ ਨੂੰ ਤਬਾਹ ਕਰਨਾ ਤੇ ਪ੍ਰਮੁੱਖ ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣਾ ਸੀ।