ਅਪਰੇਸ਼ਨ ਸਿੰਧੂਰ: ਅਤਿਵਾਦੀ ਜਥੇਬੰਦੀਆਂ ਜੈਸ਼ ਤੇ ਹਿਜ਼ਬੁਲ ਖ਼ੈਬਰ ਪਖ਼ਤੂਨਖਵਾ ਵੱਲ ਭੱਜੀਆਂ
ਰੱਖਿਆ ਅਤੇ ਫੌਜੀ ਅਦਾਰਿਆਂ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ‘ਅਪਰੇਸ਼ਨ ਸਿੰਧੂਰ’ ਦੇ ਮੱਦੇਨਜ਼ਰ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀਆਂ ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਨੇ ਆਪੋ ਆਪਣੇ ਟਿਕਾਣੇ ਮਕਬੂਜ਼ਾ ਕਸ਼ਮੀਰ ਤੋਂ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਤਬਦੀਲ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਇਨ੍ਹਾਂ ਜਥੇਬੰਦੀਆਂ ਵੱਲੋਂ ਇੱਕ ਮਹੱਤਵਪੂਰਨ ‘ਰਣਨੀਤਕ ਅਨੁਕੂਲਤਾ’ ਨੂੰ ਦਰਸਾਉਂਦਾ ਹੈ ਜੋ ਕਿ ਹੁਣ ਮਕਬੂਜ਼ਾ ਕਮਸ਼ੀਰ ਨੂੰ ਭਾਰਤੀ ਹਮਲਿਆਂ ਲਈ ਕਮਜ਼ੋਰ ਨਿਸ਼ਾਨਾ ਸਮਝਦੇ ਹਨ, ਜਦੋਂ ਕਿ ਖੈਬਰ ਪਖ਼ਤੂਨਖਵਾ ਅਫ਼ਗਾਨ ਦੀ ਸਰਹੱਦ ਨੇੜੇ ਹੋਣ ਕਾਰਨ ਵਧੇਰੇ ਸੁਰੱਖਿਅਤ ਥਾਂ ਮੁਹੱਈਆ ਕਰਦਾ ਹੈ। ‘ਅਪਰੇਸ਼ਨ ਸਿੰਧੂਰ’ ਤਹਿਤ, ਭਾਰਤ ਨੇ ਬਹਾਵਲਪੁਰ, ਮੁਰੀਦਕੇ, ਮੁਜ਼ੱਫਰਾਬਾਦ ਅਤੇ ਕਈ ਹੋਰ ਥਾਵਾਂ ’ਤੇ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।
ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ 7 ਮਈ ਨੂੰ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤਾ ਸੀ, ਜਿਸ ਵਿੱਚ ਪਾਕਿਸਤਾਨ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਹਮਲਿਆਂ ਕਾਰਨ ਚਾਰ ਦਿਨਾਂ ਤੱਕ ਤਿੱਖੀਆਂ ਝੜਪਾਂ ਹੋਈਆਂ ਸਨ, ਜੋ ਕਿ 10 ਮਈ ਨੂੰ ਫੌਜੀ ਕਾਰਵਾਈਆਂ ਨੂੰ ਰੋਕਣ ਦੀ ਸਹਿਮਤੀ ਨਾਲ ਖ਼ਤਮ ਹੋਈਆਂ ਸਨ।
ਸੂਤਰਾਂ ਵਿੱਚੋਂ ਇੱਕ ਨੇ ਕਿਹਾ, ‘‘ਪ੍ਰਾਪਤ ਜਾਣਕਾਰੀ ਦੱਸਦੀ ਹੈ ਕਿ ਅਤਿਵਾਦੀ ਜਥੇਬੰਦੀਆਂ ਦੀ ਇਹ ਹਿਲਜੁਲ ਪਾਕਿਸਤਾਨ ਦੀਆਂ ਸਰਕਾਰੀ ਸੰਰਚਨਾਵਾਂ ਦੀ ਪੂਰੀ ਜਾਣਕਾਰੀ ਅਤੇ ਸਿੱਧੀ ਸਹੂਲਤ ਨਾਲ ਕੀਤੀ ਜਾ ਰਹੀ ਹੈ।’’ ਸੂਤਰਾਂ ਨੇ ਪਾਕਿਸਤਾਨ ਵਿੱਚ ਹਾਲ ਹੀ ’ਚ ਕੁਝ ਥਾਵਾਂ ’ਤੇ ਪੁਲੀਸ ਸੁਰੱਖਿਆ ਹੇਠ ਜੈਸ਼-ਏ-ਮੁਹੰਮਦ ਦੇ ਇਕੱਠਾਂ ਅਤੇ ਜਮੀਅਤ ਉਲੇਮਾ-ਏ-ਇਸਲਾਮ ਵਰਗੀਆਂ ਸਿਆਸੀ-ਧਾਰਮਿਕ ਜਥੇਬੰਦੀਆਂ ਦੀ ‘ਚੁੱਪ-ਚੁੱਪੀਤੀ ਸ਼ਮੂਲੀਅਤ’ ਦਾ ਜ਼ਿਕਰ ਵੀ ਕੀਤਾ। ਇਹ ਵੇਰਵੇ ਕਈ ਭਾਰਤੀ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੇ ਗਏ ਇੱਕ ਡੋਜ਼ੀਅਰ ਦਾ ਹਿੱਸਾ ਹਨ।
ਜੈਸ਼-ਏ-ਮੁਹੰਮਦ ਨੇ ਭਰਤੀ ਮੁਹਿੰਮ ਚਲਾਈ
ਸੂਤਰਾਂ ਨੇ ਦੱਸਿਆ ਕਿ ਸਭ ਤੋਂ ਮਹੱਤਵਪੂਰਨ ਖੁਲਾਸਾ ਖੈਬਰ ਪਖ਼ਤੂਨਖਵਾ ਦੇ ਮਾਨਸੇਹਰਾ ਜ਼ਿਲ੍ਹੇ ਦੇ ਗੜ੍ਹੀ ਹਬੀਬੁੱਲ੍ਹਾ ਕਸਬੇ ਵਿੱਚ ਹੋਇਆ, ਜਿੱਥੇ ਜੈਸ਼-ਏ-ਮੁਹੰਮਦ ਨੇ 14 ਸਤੰਬਰ ਨੂੰ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਸ਼ੁਰੂ ਹੋਣ ਤੋਂ ਲਗਪਗ ਸੱਤ ਘੰਟੇ ਪਹਿਲਾਂ ਇੱਕ ਜਨਤਕ ਭਰਤੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਮੌਲਾਨਾ ਮੁਫ਼ਤੀ ਮਸੂਦ ਇਲਿਆਸ ਕਸ਼ਮੀਰੀ ਉਰਫ਼ ਅਬੂ ਮੁਹੰਮਦ ਜੋ ਕਿ ਖੈਬਰ ਪਖ਼ਤੂਨਖਵਾ ਅਤੇ ਕਸ਼ਮੀਰ ਲਈ ਜੈਸ਼-ਏ-ਮੁਹੰਮਦ ਦਾ ਸੀਨੀਅਰ ਆਗੂ ਹੈ, ਦੀ ਮੌਜੂਦਗੀ ਵਿੱਚ ਜੈਸ਼-ਏ-ਮੁਹੰਮਦ ਅਤੇ ਜਮੀਅਤ-ਉਲੇਮਾ-ਏ-ਇਸਲਾਮ (ਜੇ ਯੂ ਆਈ) ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਸਾਂਝੀ ਲਾਮਬੰਦੀ ਦੀ ਕੋਸ਼ਿਸ਼ ਸੀ। ਇਲਿਆਸ ਕਸ਼ਮੀਰੀ ਭਾਰਤ ਨੂੰ ਲੋੜੀਂਦਾ ਇੱਕ ਵੱਡਾ ਨਿਸ਼ਾਨਾ ਹੈ ਅਤੇ ਉਹ ਜ਼ੈਸ-ਏ-ਮੁਹੰਮਦ ਦੇ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ ਨਾਲ ਨੇੜਿਓਂ ਜੁੜਿਆ ਹੋਇਆ ਹੈ।