ਅਪਰੇਸ਼ਨ ਸਿੰਧੂਰ: ਲਸ਼ਕਰ-ਏ-ਤਾਇਬਾ ਦੇ ਕਮਾਂਡਰ ਵੱਲੋਂ ਮੁਰੀਦਕੇ ਕੈਂਪ ਤਬਾਹ ਕਰਨ ਦੀ ਪੁਸ਼ਟੀ
ਇਹ ਵੀਡੀਓ ਪਾਕਿਸਤਾਨ ਦੇ ਸੂਬੇ ਪੰਜਾਬ ਦੇ ਮੁਰੀਦਕੇ ਵਿੱਚ ਮਰਕਜ਼ ਤਾਇਬਾ ਅਤਿਵਾਦੀ ਕੈਂਪ ਦੀ ਤਬਾਹੀ ਦੀ ਪੁਸ਼ਟੀ ਕਰ ਕੇ ਇਸਲਾਮਾਬਾਦ ਦੇ ਹਮਲਿਆਂ ਤੋਂ ਇਨਕਾਰਾਂ ਦਾ ਪਰਦਾਫਾਸ਼ ਕਰਦਾ ਹੈ।
ਵਾਇਰਲ ਵੀਡੀਓ ਵਿੱਚ ਤਬਾਹ ਹੋਏ ਕੈਂਪ ਦੇ ਮਲਬੇ ਵਿਚਕਾਰ ਖੜ੍ਹੇ ਕਾਸਿਮ ਨੇ ਮੰਨਿਆ ਕਿ ਇਸ ਜਗ੍ਹਾ ਨੇ ‘ਮੁਜਾਹਿਦੀਨ’ ਅਤੇ ‘ਤਲਾਬਾ’ ਸਣੇ ਕਈ ਅਤਿਵਾਦੀਆਂ ਨੂੰ ਸਿਖਲਾਈ ਦਿੱਤੀ ਸੀ, ਜਿਨ੍ਹਾਂ ਬਾਰੇ ਉਸ ਨੇ ਦਾਅਵਾ ਕੀਤਾ ਸੀ ਕਿ ਉਹ ‘ਜਿੱਤ’ (ਫੈਜ਼) ਪ੍ਰਾਪਤ ਕਰਨ ਲਈ ਅੱਗੇ ਵਧੇ ਸੀ। ਉਸ ਨੇ ਉੱਥੇ ਇੱਕ ਮੁੜ ਵੱਡਾ ਕੈਂਪ ਖੜ੍ਹਾ ਕਰਨ ਵਾਅਦਾ ਕੀਤਾ।
ਲਸ਼ਕਰ ਕਮਾਂਡਰ ਨੇ ਵੀਡੀਓ ਵਿੱਚ ਕਿਹਾ, ‘‘ਮੈਂ ਮੁਰੀਦਕੇ ਵਿੱਚ ਮਰਕਜ਼ ਤਾਇਬਾ ਦੇ ਸਾਹਮਣੇ ਖੜ੍ਹਾ ਹਾਂ। ਇਹ (ਅਪਰੇਸ਼ਨ ਸਿੰਧੂਰ ਦੌਰਾਨ) ਹਮਲੇ ਵਿੱਚ ਤਬਾਹ ਹੋ ਗਿਆ ਸੀ। ਅਸੀਂ ਇਸ ਨੂੰ ਦੁਬਾਰਾ ਬਣਾਵਾਂਗੇ ਅਤੇ ਇਸ ਨੂੰ ਹੋਰ ਵੀ ਵੱਡਾ ਬਣਾਵਾਂਗੇ। ਇੱਥੋਂ ਵੱਡੇ ਨਾਵਾਂ ਜਿਵੇਂ ਮੁਜਾਹਿਦੀਨ ਨੂੰ ਸਿਖਲਾਈ ਦਿੱਤੀ ਗਈ ਅਤੇ ਫੈਜ਼ (ਜਿੱਤ) ਪ੍ਰਾਪਤ ਕੀਤੀ।’’
ਇਹ ਖੁਲਾਸਾ ਜੈਸ਼-ਏ-ਮੁਹੰਮਦ (ਜੇਈਐੱਮ) ਦੇ ਕਮਾਂਡਰ ਮਸੂਦ ਇਲਿਆਸ ਕਸ਼ਮੀਰੀ ਵੱਲੋਂ ਇੱਕ ਹੋਰ ਵਾਇਰਲ ਵੀਡੀਓ ਵਿੱਚ ਸਵੀਕਾਰ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਹੋਇਆ ਹੈ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਜੈਸ਼-ਏ-ਮੁਹੰਮਦ ਦੇ ਅਪਰੇਸ਼ਨ ਹੈੱਡਕੁਆਰਟਰ ਬਹਾਵਲਪੁਰ ਵਿੱਚ ਮਰਕਜ਼ ਸੁਭਾਨ ਅੱਲ੍ਹਾ ’ਤੇ ਕੀਤੇ ਗਏ ਹਮਲੇ ਵਿੱਚ ਜੈਸ਼-ਏ-ਮੁਹੰਮਦ ਮਸੂਦ ਅਜ਼ਹਰ ਦਾ ਪਰਿਵਾਰ ਮਾਰਿਆ ਗਿਆ ਸੀ।
ਕਸ਼ਮੀਰੀ ਨੇ ਇੱਕ ਸਮਾਗਮ ਨੂੰ ਸੰਬੋਧਨ ਕਰਨ ਸਮੇਂ ਦੀ ਵਾਇਰਲ ਵੀਡੀਓ ਵਿੱਚ, ਭਾਰਤ ਦੇ ਇਸ ਦਾਅਵੇ ਨੂੰ ਪ੍ਰਮਾਣਿਤ ਕਰਦਿਆਂ ਕਿ ਹਮਲੇ ਵਿੱਚ ਮੁੱਖ ਅਤਿਵਾਦੀ ਅਨਸਰ ਮਾਰੇ ਗਏ ਸਨ, ਕਿਹਾ, ‘‘ਸਭ ਕੁਝ ਕੁਰਬਾਨ ਕਰਨ ਤੋਂ ਬਾਅਦ 7 ਮਈ ਨੂੰ, ਬਹਾਵਲਪੁਰ ਵਿੱਚ ਮਸੂਦ ਅਜ਼ਹਰ ਦੇ ਪਰਿਵਾਰਕ ਮੈਂਬਰਾਂ ਦੇ ਲੋਥੜੇ ਉਡਾ ਦਿੱਤੇ ਗਏ।’’
ਇੱਕ ਹੋਰ ਵਾਇਰਲ ਕਲਿੱਪ ਵਿੱਚ ਕਾਸਿਮ ਨੇ ਨੌਜਵਾਨਾਂ ਨੂੰ ਮੌਕੇ ’ਤੇ ਦੌਰਾ-ਏ-ਸੁੱਫਾ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਿਹਾ, ਜਿਸ ਵਿੱਚ ਮੁੱਢਲੀ ਲੜਾਈ ਸਿਖਲਾਈ ਅਤੇ ਜੇਹਾਦੀ ਸਿੱਖਿਆ ਸ਼ਾਮਲ ਹੈ, ਜਿਸ ਨਾਲ ਕੈਂਪ ਦੇ ਉਦੇਸ਼ ਦਾ ਪਰਦਾਫਾਸ਼ ਹੁੰਦਾ ਹੈ।
ਮਰਕਜ਼ ਤਾਇਬਾ, ਮੁਰੀਦਕੇ 2000 ਵਿੱਚ ਪਾਕਿਸਤਾਨ ’ਚ ਸਥਾਪਤ ਕੀਤਾ ਗਿਆ ਲਸ਼ਕਰ-ਏ-ਤਾਇਬਾ ਦਾ ਸਭ ਤੋਂ ਮਹੱਤਵਪੂਰਨ ਸਿਖਲਾਈ ਕੇਂਦਰ ਹੈ। ਇਸ ਕੰਪਲੈਕਸ ਵਿੱਚ ਹਥਿਆਰ ਅਤੇ ਸਰੀਰਕ ਸਿਖਲਾਈ ਦੀਆਂ ਸਹੂਲਤਾਂ ਦੇ ਨਾਲ-ਨਾਲ ਪਾਕਿਸਤਾਨ ਦੇ ਅੰਦਰ ਅਤੇ ਵਿਦੇਸ਼ਾਂ ਤੋਂ ਅਤਿਵਾਦੀ ਸੰਸਥਾਵਾਂ ਲਈ ਕੱਟੜਪੰਥਿਤਾ ਹੈ।