ਅਪਰੇਸ਼ਨ ਸਿੰਧੂਰ ਕੇਂਦਰ ਸਰਕਾਰ ਦੀ ਨਾਕਾਮੀ ਦਾ ਪ੍ਰਤੀਕ: ਅਖਿਲੇਸ਼
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਲੋਕ ਸਭਾ ’ਚ ਕੇਂਦਰ ਸਰਕਾਰ ਨੂੰ ਪਹਿਲਗਾਮ ਅਤਿਵਾਦੀ ਹਮਲੇ ਲਈ ਜ਼ਿੰਮੇਵਾਰ ‘ਖੁਫੀਆ ਨਾਕਾਮੀ’ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਸਿਰਫ਼ ‘ਕੁਤਾਹੀ’ ਸਵੀਕਾਰ ਕਰਕੇ ਸਰਕਾਰ ਬਚ ਨਹੀਂ ਸਕਦੀ। ਹੇਠਲੇ ਸਦਨ ’ਚ ਅਪਰੇਸ਼ਨ ਸਿੰਧੂਰ ’ਤੇ ਬਹਿਸ ’ਚ ਹਿੱਸਾ ਲੈਂਦਿਆਂ ਯਾਦਵ ਨੇ ਭਾਰਤ ਵੱਲੋਂ ਪਾਕਿਸਤਾਨ ਨਾਲ ਅਚਾਨਕ ਸੰਘਰਸ਼ ਖਤਮ ਕਰਨ ’ਤੇ ਸਵਾਲ ਚੁੱਕੇ ਤੇ ਪੁੱਛਿਆ ਕਿ ‘ਕਿਸ ਦੇ ਦਬਾਅ ਹੇਠ ਜੰਗਬੰਦੀ ਕੀਤੀ ਗਈ ਸੀ?’ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਲੀਹੋਂ ਲੱਥ ਚੁੱਕੀ ਹੈ। ਉਨ੍ਹਾਂ ਚੀਨ ਨੂੰ ‘ਰਾਖਸ਼ਸ਼’ ਕਰਾਰ ਦਿੱਤਾ ਜੋ ਭਾਰਤ ਦੀ ਜ਼ਮੀਨ ਤੇ ਬਾਜ਼ਾਰ ’ਤੇ ਕਬਜ਼ਾ ਕਰ ਰਿਹਾ ਹੈ। ਉਨ੍ਹਾਂ ਸਵਾਲ ਕੀਤਾ, ‘ਪਹਿਲਗਾਮ ਹਮਲੇ ’ਚ ਹੋਈ ਖੁਫੀਆ ਕੁਤਾਹੀ ਦੀ ਜ਼ਿੰਮੇਵਾਰੀ ਕੌਣ ਲਵੇਗਾ? ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਕਦੀ ਵੀ ਨਹੀਂ ਹੋਣੀ ਚਾਹੀਦੀ ਸੀ। ਇਸ ਕੁਤਾਹੀ ਨੇ ਕਈ ਅਨਮੋਲ ਜਾਨਾਂ ਲੈ ਲਈਆਂ ਤੇ ਦੇਸ਼ ਦੀ ਸਰਹੱਦੀ ਰਣਨੀਤੀ ਦੀਆਂ ਕਮਜ਼ੋਰੀਆਂ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ, ‘ਪਹਿਲਗਾਮ ਹਮਲੇ ਮਗਰੋਂ ਅਪਰੇਸ਼ਨ ਸਿੰਧੂਰ ਸ਼ੁਰੂ ਕਰਨਾ ਹੀ ਸਰਕਾਰ ਦੀ ਨਾਕਾਮੀ ਦਾ ਪ੍ਰਤੀਕ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਪ੍ਰਮੁੱਖ ਮੁੱਦਿਆਂ ’ਤੇ ਆਲਮੀ ਪੱਧਰ ’ਤੇ ਅਲੱਗ-ਥਲੱਗ ਪੈ ਗਿਆ ਹੈ। ਉਨ੍ਹਾਂ ਕਿਹਾ, ‘ਅਪਰੇਸ਼ਨ ਸਿੰਧੂਰ ਦੌਰਾਨ ਕੋਈ ਮੁਲਕ ਸਾਡੇ ਨਾਲ ਖੜ੍ਹਾ ਨਹੀਂ ਹੋਇਆ। ਇਹ ਭਾਰਤ ਦੀ ਵਿਦੇਸ਼ ਕੂਟਨੀਤੀ ਦਾ ਕਾਲਾ ਅਧਿਆਏ ਹੈ।’