‘ਅਪਰੇਸ਼ਨ ਸਿੰਧੂਰ’ ਲੰਮਾ ਚੱਲ ਸਕਦਾ ਸੀ: ਥਲ ਸੈਨਾ ਮੁਖੀ
ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਕਿਸੇ ਵੀ ਰਵਾਇਤੀ ਮਿਸ਼ਨ ਨਾਲੋਂ ਵੱਖ ਸੀ ਤੇ ਇਹ ਸ਼ਤਰੰਜ ਦੀ ਬਾਜ਼ੀ ਜਿਹਾ ਸੀ ਕਿਉਂਕਿ ‘ਸਾਨੂੰ ਨਹੀਂ ਪਤਾ ਸੀ’ ਕਿ ਦੁਸ਼ਮਣ ਦੀ ਅਗਲੀ ਚਾਲ ਕੀ ਹੋਵੇਗੀ। ਉਨ੍ਹਾਂ ਕਿਹਾ ਕਿ ‘ਟੈਸਟ ਮੈਚ’ ਚੌਥੇ ਦਿਨ ਹੀ ਰੁਕ ਗਿਆ ਪਰ ਦੇਖਿਆ ਜਾਵੇ ਤਾਂ ਇਹ ਸੰਘਰਸ਼ ਲੰਮਾ ਹੋ ਸਕਦਾ ਸੀ। ਆਈਆਈਟੀ ਮਦਰਾਸ ਵਿਚ ਲੰਘੀ ਚਾਰ ਅਗਸਤ ਨੂੰ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ 22 ਅਪਰੈਲ ਦੇ ਪਹਿਲਗਾਮ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਭਾਰਤ ਦੀ ਫੈਸਲਾਕੁਨ ਫੌਜੀ ਕਾਰਵਾਈ ਦੀਆਂ ਪੇਚੀਦਗੀਆਂ ਨੂੰ ਯਾਦ ਕੀਤਾ। ਉਨ੍ਹਾਂ ਦੇ ਸੰਬੋਧਨ ਦੀ ਵੀਡੀਓ ਸੈਨਾ ਵੱਲੋਂ ਸਾਂਝੀ ਕੀਤੀ ਗਈ ਹੈ।
ਸੈਨਾ ਮੁਖੀ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਖਤਰੇ ਦੇ ਖਦਸ਼ੇ ਨੂੰ ਵੀ ਉਭਾਰਿਆ ਅਤੇ ਕਿਹਾ, ‘ਅਗਲੀ ਵਾਰ ਇਹ (ਖਤਰਾ) ਕਿਤੇ ਵੱਧ ਹੋ ਸਕਦਾ ਹੈ। ਇੱਥੇ ਸਾਨੂੰ ਸਾਵਧਾਨ ਰਹਿਣਾ ਹੋਵੇਗਾ’। ਜਨਰਲ ਦਿਵੇਦੀ ਨੇ ਕਿਹਾ, ‘‘ਅਪਰੇਸ਼ਨ ਸਿੰਧੂਰ ਵਿਚ ਅਸੀਂ ਸ਼ਤਰੰਜ ਦੀ ਬਾਜ਼ੀ ਖੇਡੀ। ਇਸ ਦਾ ਕੀ ਮਤਲਬ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਦੁਸ਼ਮਣ ਦੀ ਅਗਲੀ ਚਾਲ ਕੀ ਹੋਵੇਗੀ ਤੇ ਅਸੀਂ ਕੀ ਕਰਨ ਵਾਲੇ ਹਾਂ। ਇਸ ਨੂੰ ਅਸੀਂ ‘ਗ੍ਰੇਅ ਜ਼ੋਨ’ ਕਹਿੰਦੇ ਹੈ। ਗ੍ਰੇਅ ਜ਼ੋਨ ਦਾ ਮਤਲਬ ਹੈ ਕਿ ਅਸੀਂ ਰਵਾਇਤੀ ਅਪਰੇਸ਼ਨ ਨਹੀਂ ਕਰ ਰਹੇ ਪਰ ਅਸੀਂ ਕੁਝ ਅਜਿਹਾ ਕਰ ਰਹੇ ਹਾਂ ਜੋ ਰਵਾਇਤੀ ‘ਅਪਰੇਸ਼ਨ’ ਤੋਂ ਥੋੜ੍ਹਾ ਵੱਖ ਹੋਵੇ।’’ ਉਨ੍ਹਾਂ ਕਿਹਾ, ‘‘ਰਵਾਇਤੀ ਅਪਰੇਸ਼ਨ ਦਾ ਮਤਲਬ ਹੈ, ਸਭ ਕੁਝ ਲੈ ਕੇ ਜਾਓ, ਜੋ ਕੁਝ ਤੁਹਾਡੇ ਕੋਲ ਹੈ, ਉਸ ਨੂੰ ਲੈ ਜਾਓ ਤੇ ਜੇ ਵਾਪਸ ਆ ਸਕਦੇ ਹੋ ਤਾਂ ਵਾਪਸ ਆ ਜਾਓ, ਨਹੀਂ ਤਾਂ ਉਥੇ ਰਹੋ। ਇਸ ਨੂੰ ਰਵਾਇਤੀ ਤਰੀਕਾ ਕਿਹਾ ਜਾਂਦਾ ਹੈ। ਇੱਥੇ ਗ੍ਰੇਅ ਜ਼ੋਨ ਦਾ ਮਤਲਬ ਹੈ ਕਿ ਹਰ ਖੇਤਰ ਵਿਚ ਹੋਣ ਵਾਲੀ ਕੋਈ ਵੀ ਸਰਗਰਮੀ, ਅਸੀਂ ਇਸੇ ਬਾਰੇ ਗੱਲ ਕਰ ਰਹੇ ਹਾਂ ਤੇ ‘ਅਪਰੇਸ਼ਨ ਸਿੰਧੂਰ’ ਨੇ ਸਾਨੂੰ ਸਿਖਾਇਆ ਹੈ ਇਹੀ ‘ਗ੍ਰੇਅ ਜ਼ੋਨ’ ਹੈ।’’ ਥਲ ਸੈਨਾ ਮੁਖੀ ਨੇ ਕਿਹਾ, ‘‘’ਅਸੀਂ ਸ਼ਤਰੰਜ ਦੀ ਬਾਜ਼ੀ ਖੇਡ ਰਹੇ ਸੀ ਤੇ ਉਹ (ਦੁਸ਼ਮਣ) ਵੀ ਸ਼ਤਰੰਜ ਦੀਆਂ ਚਾਲਾਂ ਚੱਲ ਰਿਹਾ ਸੀ। ਕਿਤੇ ਅਸੀਂ ਉਨ੍ਹਾਂ ਨੂੰ ਸ਼ਹਿ ਤੇ ਮਾਤ ਦੇ ਰਹੇ ਸੀ ਤੇ ਕਿਤੇ ਅਸੀਂ ਆਪਣੀ ਜਾਨ ਗੁਆਉਣ ਦੇ ਦਾਅ ਉੱਤੇ ਵੀ ਉਨ੍ਹਾਂ ਨੂੰ ਮਾਤ ਦੇਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਜ਼ਿੰਦਗੀ ਦਾ ਇਹੀ ਮਤਲਬ ਹੈ।’’
ਅਪਰੇਸ਼ਨ ਸਿੰਧੂਰ ਤਿੰਨੇ ਸੈਨਾਵਾਂ ਦੇ ਤਾਲਮੇਲ ਦਾ ਸਬੂਤ: ਜਨਰਲ ਚੌਹਾਨ
ਨਵੀਂ ਦਿੱਲੀ: ਰੱਖਿਆ ਸਟਾਫ ਦੇ ਮੁਖੀ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਕਿਹਾ ਹੈ ਕਿ ‘ਅਪਰੇਸ਼ਨ ਸਿੰਧੂਰ’ ਤਿੰਨੇ ਸੈਨਾਵਾਂ ਵਿਚਾਲੇ ਸ਼ਾਨਦਾਰ ਤਾਲਮੇਲ ਦਾ ਸਬੂਤ ਹੈ ਅਤੇ ਉਭਰਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਲਗਾਤਾਰ ਸੁਧਾਰ ਤੇ ਤਾਲਮੇਲ ਜਾਰੀ ਰੱਖਣ ਦੀ ਲੋੜ ਹੈ। ਸਿਕੰਦਰਾਬਾਦ ’ਚ ਕਾਲਜ ਆਫ ਡਿਫੈਂਸ ਮੈਨੇਜਮੈਂਟ ’ਚ ਆਪਣੇ ਸੰਬੋਧਨ ਦੌਰਾਨ ਜਨਰਲ ਚੌਹਾਨ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੇ ਬਿਨਾਂ ਸਾਂਝੀ ਸਮਰੱਥਾ ਵਧਾਉਣ ਲਈ ਥੀਏਟਰ ਕਮਾਨ ਲਈ ਇੱਕ ਰੋਡਮੈਪ ਬਾਰੇ ਵੀ ਗੱਲ ਕੀਤੀ। ਰੱਖਿਆ ਮੰਤਰਾਲੇ ਨੇ ਅੱਜ ਇੱਕ ਬਿਆਨ ’ਚ ਕਿਹਾ ਕਿ ਸਾਂਝੀ ਸਪਲਾਈ ਲੜੀ ਤੇ ਏਕੀਕਰਨ ਨੂੰ ਮਜ਼ਬੂਤ ਕਰਨ ਲਈ ਜਾਰੀ ਕੋਸ਼ਿਸ਼ਾਂ ਤਹਿਤ ਸੀਡੀਐੱਸ ਨੇ ‘ਏਕੀਕ੍ਰਿਤ ਸਪਲਾਈ ਲੜੀ ਲਈ ਇੱਕ ਸਾਂਝਾ ਕਿਤਾਬਚਾ’ ਜਾਰੀ ਕੀਤਾ। ਬਿਆਨ ਅਨੁਸਾਰ ਇਹ ਕਿਤਾਬਚਾ ਸਪਲਾਈ ਲੜੀ ਪ੍ਰਣਾਲੀਆਂ ਦੇ ਆਧੁਨਿਕੀਕਰਨ ਦੀ ਦਿਸ਼ਾ ’ਚ ਇੱਕ ਕਦਮ ਅੱਗੇ ਲਿਜਾਂਦਾ ਹੈ ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਹਥਿਆਰਬੰਦ ਬਲ ਹਮੇਸ਼ਾ ਸਰੋਤਾਂ ਨਾਲ ਲੈਸ ਰਹਿਣ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। -ਪੀਟੀਆਈ