‘ਅਪਰੇਸ਼ਨ ਬਲੂਸਟਾਰ’ ਇਕ ਗਲਤੀ ਸੀ, ਇੰਦਰਾ ਗਾਂਧੀ ਨੇ ਜਾਨ ਦੇ ਕੇ ਕੀਮਤ ਚੁਕਾਈ: ਚਿਦੰਬਰਮ
ਚਿਦੰਬਰਮ ਨੇ ਸਮਾਗਮ ਦੌਰਾਨ ਕਿਹਾ, ‘ਅਪਰੇਸ਼ਨ ਬਲੂਸਟਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਖਾਲੀ ਕਰਾਉਣ ਦਾ ਸਹੀ ਢੰਗ ਨਹੀਂ ਸੀ ਅਤੇ ਤਕਰੀਬਨ 3 ਤੋਂ 4 ਸਾਲ ਬਾਅਦ ਅਸੀਂ ‘ਅਪਰੇਸ਼ਨ ਬਲੈਕ ਥੰਡਰ’ ਨਾਲ ਸੈਨਾ ਨੂੰ ਬਾਹਰ ਰੱਖ ਕੇ ਸਹੀ ਫ਼ੈਸਲਾ ਲਿਆ।’ ਬਵੇਜਾ ਨੇ ਕਿਹਾ ਕਿ ‘ਅਪਰੇਸ਼ਨ ਬਲੂਸਟਾਰ’ ਕਾਰਨ ਪੰਜਾਬ ’ਚ ਹਿੰਸਾ ਦੇ ਅਗਲੇ ਦੌਰ ਦੀ ਸ਼ੁਰੂਆਤ ਹੋਈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ‘ਧਰਮ ਨੂੰ ਰਾਜਨੀਤੀ ਨਾਲ ਜੋੜ ਦਿੱਤਾ’ ਅਤੇ ਅਕਾਲੀਆਂ ਨੂੰ ਕੰਟਰੋਲ ਕਰਨ ਲਈ ਭਿੰਡਰਾਂਵਾਲੇ ਦੀ ਸਹਾਇਤਾ ਲਈ। ਚਿਦੰਬਰਮ ਨੇ ਇਸ ਗੱਲ ’ਤੇ ਇਤਰਾਜ਼ ਜਤਾਇਆ ਕਿ ਭਿੰਡਰਾਂਵਾਲੇ ਨੂੰ ਇੰਦਰਾ ਗਾਂਧੀ ਨੇ ‘ਖੜ੍ਹਾ ਕੀਤਾ’ ਸੀ। ਉਨ੍ਹਾਂ ਕਿਹਾ, ‘ਮੈਂ ਨਹੀਂ ਮੰਨਦਾ ਕਿ ਸ੍ਰੀਮਤੀ ਗਾਂਧੀ ’ਤੇ ਇਹ ਦੋਸ਼ ਲਾਉਣਾ ਸਹੀ ਹੈ ਕਿ ਉਨ੍ਹਾਂ ਭਿੰਡਰਾਂਵਾਲੇ ਨੂੰ ਖੜ੍ਹਾ ਕੀਤਾ ਸੀ।’
ਚਿਦੰਬਰਮ ਦੇ ਬਿਆਨ ਤੋਂ ਕਾਂਗਰਸ ਨਾਰਾਜ਼
ਨਵੀਂ ਦਿੱਲੀ: ਸੂਤਰਾਂ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਚਿਦੰਬਰਮ ਵੱਲੋਂ ਦਿੱਤੇ ਗਏ ਬਿਆਨ ਤੋਂ ‘ਬੇਹੱਦ ਨਾਰਾਜ਼’ ਹੈ ਅਤੇ ਉਸ ਦਾ ਮੰਨਣਾ ਹੈ ਕਿ ਸੀਨੀਅਰ ਆਗੂਆਂ ਨੂੰ ਪਾਰਟੀ ਲਈ ਸ਼ਰਮਿੰਦਗੀ ਪੈਦਾ ਕਰਨ ਵਾਲੇ ਜਨਤਕ ਬਿਆਨ ਦੇਣ ਤੋਂ ਪਹਿਲਾਂ ਸਾਵਧਾਨੀ ਵਰਤਣੀ ਚਾਹੀਦੀ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਦਾ ਮੰਨਣਾ ਹੈ ਕਿ ‘ਕਾਂਗਰਸ ਤੋਂ ਸਭ ਕੁਝ ਹਾਸਲ ਕਰਨ ਵਾਲੇ ਸੀਨੀਅਰ ਆਗੂਆਂ ਨੂੰ ਪਾਰਟੀ ਲਈ ਸ਼ਰਮਿੰਦਗੀ ਪੈਦਾ ਕਰਨ ਵਾਲੇ ਬਿਆਨ ਦੇਣ ਸਮੇਂ ਵੱਧ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਨੂੰ ਆਦਤ ਨਹੀਂ ਬਣਨ ਦੇਣਾ ਚਾਹੀਦਾ ਕਿਉਂਕਿ ਵਾਰ-ਵਾਰ ਦੇ ਬਿਆਨ ਪਾਰਟੀ ਲਈ ਸਮੱਸਿਆਵਾਂ ਪੈਦਾ ਕਰਦੇ ਹਨ, ਜੋ ਸਹੀ ਨਹੀਂ ਹੈ।’ -ਪੀਟੀਆਈ
ਚਿਦੰਬਰਮ ਕਾਂਗਰਸ ਦੀਆਂ ਗਲਤੀਆਂ ਦੇਰ ਨਾਲ ਮੰਨ ਰਹੇ: ਭਾਜਪਾ
ਨਵੀਂ ਦਿੱਲੀ: ਸਾਬਕਾ ਗ੍ਰਹਿ ਮੰਤਰੀ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, ‘ਚਿਦੰਬਰਮ ਜੀ ਕਾਂਗਰਸ ਦੀਆਂ ਗਲਤੀਆਂ ਨੂੰ ਬਹੁਤ ਦੇਰ ਨਾਲ ਮੰਨ ਰਹੇ ਹਨ!’ ਮੰਤਰੀ ਨੇ ਕਿਹਾ, ‘ਇਹ ਖੁਲਾਸਾ ਕਰਨ ਤੋਂ ਬਾਅਦ ਕਿ ਅਮਰੀਕਾ ਤੇ ਵਿਦੇਸ਼ੀ ਤਾਕਤਾਂ ਦੇ ਦਬਾਅ ਕਾਰਨ ਭਾਰਤ ਮੁੰਬਈ ਵਿੱਚ ਪਾਕਿਸਤਾਨੀ ਅਤਿਵਾਦੀ ਹਮਲਿਆਂ ਦਾ ਜਵਾਬ ਨਹੀਂ ਦੇ ਸਕਿਆ, ਹੁਣ ਉਹ ਮੰਨਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਪਰੇਸ਼ਨ ਬਲੂਸਟਾਰ ਵੀ ਇੱਕ ਗਲਤੀ ਸੀ।’ ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਕਿਹਾ, ‘ਇੱਕ ਰਾਸ਼ਟਰਵਾਦੀ ਹੋਣ ਦੇ ਨਾਤੇ, ਮੇਰਾ ਪੱਕਾ ਵਿਸ਼ਵਾਸ ਹੈ ਕਿ ਜਿਵੇਂ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਦੱਸਿਆ ਹੈ, ਅਪਰੇਸ਼ਨ ਬਲੂਸਟਾਰ ਤੋਂ ਪੂਰੀ ਤਰ੍ਹਾਂ ਬਚਿਆ ਜਾ ਸਕਦਾ ਸੀ।’ ਭਾਜਪਾ ਦੇ ਆਈ ਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਕਾਂਗਰਸ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ‘ਸ਼ਹੀਦ’ ਦੱਸਣ ਦਾ ਕੋਈ ਮੌਕਾ ਨਹੀਂ ਛੱਡਦੀ ਪਰ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਹੁਣ ਇਸ ਮਿੱਥ ਨੂੰ ਤੋੜ ਦਿੱਤਾ ਹੈ। -ਪੀਟੀਆਈ