ਕੁਲਗਾਮ ’ਚ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਸੱਤਵੇਂ ਦਿਨ ਵੀ ਜਾਰੀ
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅਤਿਵਾਦੀਆਂ ਖ਼ਿਲਾਫ਼ ਜਾਰੀ ਮੁਹਿੰਮ ਦੇ ਸੱਤਵੇਂ ਦਿਨ ਅੱਜ ਹੋਈ ਗੋਲੀਬਾਰੀ ਕਾਰਨ ਸੁਰੱਖਿਆ ਬਲਾਂ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਇਹ ਮੁਹਿੰਮ ਅਤਿਵਾਦ ਖ਼ਿਲਾਫ਼ ਵਿੱਢੀ ਹੁਣ ਤੱਕ ਦੀ ਸਭ ਤੋਂ ਲੰਮੀ ਮੁਹਿੰਮ ਹੈ। ਇਸ ਦੌਰਾਨ ਥਲ ਸੈਨਾ ਦੇ ਉੱਤਰੀ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਦੱਖਣੀ ਕਸ਼ਮੀਰ ਵਿੱਚ ਸੁਰੱਖਿਆ ਦੀ ਸਥਿਤੀ ਅਤੇ ਅਤਿਵਾਦ ਖ਼ਿਲਾਫ਼ ਚੁੱਕੇ ਕਦਮਾਂ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਸੱਤਵੇਂ ਦਿਨ ’ਚ ਦਾਖ਼ਲ ਹੋ ਗਈ ਹੈ ਤੇ ਹੁਣ ਵੀ ਜਾਰੀ ਹੈ। ਹੁਣ ਤੱਕ ਮੁਹਿੰਮ ਵਿੱਚ ਜ਼ਖ਼ਮੀ ਹੋਣ ਵਾਲੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਜੰਗਲੀ ਇਲਾਕੇ ’ਚ ਅਤਿਵਾਦੀਆਂ ਦਾ ਥਹੁ-ਪਤਾ ਲਾਉਣ ਲਈ ਡਰੋਨਾਂ ਤੇ ਹੈਲੀਕਾਪਟਰਾਂ ਸਮੇਤ ਸਾਰੇ ਢੰਗ-ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ’ਚ ਪੈਂਦੇ ਪਿੰਡ ਅਖਾਲ ਦੇ ਜੰਗਲੀ ਇਲਾਕੇ ’ਚ ਸੁਰੱਖਿਆ ਬਲਾਂ ਵੱਲੋਂ ਬੀਤੇ ਸ਼ੁੱਕਰਵਾਰ ਸ਼ੁਰੂ ਕੀਤੀ ਗਈ ਤਲਾਸ਼ੀ ਮੁਹਿੰਮ ਦੌਰਾਨ ਹੁਣ ਤੱਕ ਦੋ ਅਤਿਵਾਦੀ ਮਾਰੇ ਜਾ ਚੁੱਕੇ ਹਨ।
ਸੱਤ ਦਿਨਾਂ ਤੋਂ ਨਹੀਂ ਸੁੱਤੇ ਸਥਾਨਕ ਵਾਸੀ
Advertisementਸ੍ਰੀਨਗਰ: ਕੁਲਗਾਮ ’ਚ ਅਤਿਵਾਦ ਖ਼ਿਲਾਫ਼ ਸੁਰੱਖਿਆ ਬਲਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਸੱਤਵੇਂ ਦਿਨ ਦਰਮਿਆਨ ਪਿੰਡ ਅਖਾਲ ਦੇ ਵਸਨੀਕਾਂ ਨੇ ਕਈ ਮੁਸ਼ਕਲਾਂ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਲਾਕੇ ਤੋਂ ਬਾਹਰ ਦੂਜੀ ਜਗ੍ਹਾ ਤਬਦੀਲ ਕੀਤਾ ਜਾਵੇ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਲਗਾਤਾਰ ਹੋ ਰਹੀ ਗੋਲੀਬਾਰੀ ਕਾਰਨ ਉਹ ਬੀਤੇ ਕਈ ਦਿਨਾਂ ਤੋਂ ਨਹੀਂ ਸੁੱਤੇ। ਇਹੀ ਨਹੀਂ, ਉਨ੍ਹਾਂ ਕੋਲ ਖਾਣ-ਪੀਣ ਦਾ ਸਾਮਾਨ ਵੀ ਮੁੱਕਣ ਲੱਗਾ ਹੈ। ਪਿੰਡ ਵਾਸੀ ਮੁਬਾਰਕ ਖਾਂਡੇ ਨੇ ਕਿਹਾ, ‘ਪਿਛਲੇ ਸੱਤ ਦਿਨਾਂ ਤੋਂ ਅਸੀਂ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ। ਰਾਤ ਸਮੇਂ ਗੋਲੀਬਾਰੀ ਤੋਂ ਇਲਾਵਾ ਬੰਬਾਰੀ ਹੁੰਦੀ ਰਹਿੰਦੀ ਹੈ। -ਪੀਟੀਆਈ