ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਿਰਫ ਵਿਧਾਇਕ ਹੀ ਪੂਰੀ ਸਿਆਸੀ ਪਾਰਟੀ ਨਹੀਂ ਹੁੰਦੇ: ਸ਼ਰਦ ਪਵਾਰ

ਐੱਨਸੀਪੀ ’ਚ ਫੁਟ ਤੋਂ ਮੁੜ ਕੀਤਾ ਇਨਕਾਰ; ਖੁਦ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਦੱਸਿਆ
Advertisement

ਕੋਹਲਾਪੁਰ, 26 ਅਗਸਤ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਪਾਰਟੀ ਵਿੱਚ ਫੁਟ ਤੋਂ ਮੁੜ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਕੁਝ ਵਿਧਾਇਕ ਪਾਰਟੀ ਛੱਡ ਕੇ ਚਲੇ ਗਏ ਹਨ ਪਰ ਸਿਰਫ ਵਿਧਾਇਕਾਂ ਦਾ ਮਤਲਬ ਪੂਰੀ ਸਿਆਸੀ ਪਾਰਟੀ ਨਹੀਂ ਹੁੰਦਾ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਪਵਾਰ ਨੇ ਕਿਹਾ ਉਹ ਐੱਨਸੀਪੀ ਦੇ ਕੌਮੀ ਪ੍ਰਧਾਨ ਹਨ ਅਤੇ ਜੈਯੰਤ ਪਾਟਿਲ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਹਨ। ਪਾਰਟੀ ਦੇ ਬਾਗੀ ਆਗੂਆਂ ਪ੍ਰਤੀ ਨਰਮ ਰੁਖ਼ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ੍ਰੀ ਪਵਾਰ ਨੇ ਕਿਹਾ, ‘‘ਐੱਨਸੀਪੀ ਵਿੱਚ ਫੁਟ ਨਹੀਂ ਹੈ। ਬੇਸ਼ੱਕ ਕੁਝ ਵਿਧਾਇਕ ਚਲੇ ਗਏ ਹਨ, ਵਿਧਾਇਕਾਂ ਦਾ ਮਤਲਬ ਰਾਜਨੀਤਕ ਦਲ ਨਹੀਂ ਹੈ। ਬਾਗੀਆਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਮਹੱਤਵ ਕਿਉਂ ਦਿੱਤਾ ਜਾਵੇ।’’ ਜਦੋਂ ਐੱਨਸੀਪੀ ਆਗੂ ਹਸਨ ਮੁਸ਼ਰਿਫ ਦੇ ਅਜੀਤ ਪਵਾਰ ਧੜੇ ’ਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਤਾਂ ਸ਼ਰਦ ਪਵਾਰ ਨੇ ਕਿਹਾ, ‘‘ਮੁਸ਼ਰਿਫ ਖ਼ਿਲਾਫ਼ ਈਡੀ ਵੱਲੋਂ ਛਾਪੇ ਮਾਰੇ ਜਾ ਰਹੇ ਸਨ। ਇਹ ਕਾਰਵਾਈ ਹੁਣ ਰੁਕ ਗਈ ਹੈ। ਉਹ ਸੱਤਾਧਾਰੀ ਪਾਰਟੀ ਦੀ ਚਾਪਲੂਸੀ ਕਰ ਕੇ ਬਚ ਗਿਆ ਹੈ।’’ ਇਸੇ ਦੌਰਾਨ ਪਾਰਟੀ ਆਗੂ ਤੇ ਸ਼ਰਦ ਪਵਾਰ ਦੀ ਬੇਟੀ ਸੁਪ੍ਰਿਆ ਸੂਲੇ ਨੇ ਵੀ ਦੁਹਰਾਇਆ ਕਿ ਪਾਰਟੀ ’ਚ ਫੁਟ ਨਹੀਂ ਹੈ ਤੇ ਅਜੀਤ ਪਵਾਰ ਪਾਰਟੀ ਦੇ ਨੇਤਾ ਬਣੇ ਰਹਿਣਗੇ। ਕਾਬਿਲੇਗੌਰ ਹੈ ਕਿ ਅਜੀਤ ਪਵਾਰ ਅਤੇ ਐੱਨਸੀਪੀ ਦੇ ਅੱਠ ਵਿਧਾਇਕ 2 ਜੁਲਾਈ ਨੂੰ ਸੂਬੇ ਵਿੱਚ ਏਕਨਾਥ ਸ਼ਿਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ-ਭਾਜਪਾ ਗੱਠਜੋੜ ਸਰਕਾਰ ’ਚ ਸ਼ਾਮਲ ਹੋ ਗਏ ਸਨ। ਇਸ ਸਬੰਧ ’ਚ ਸ਼ਰਦ ਪਵਾਰ ਨੇ ਕਿਹਾ, ‘‘ਮੈਂ ਮਹਾਰਾਸ਼ਟਰ ’ਚ ਬਦਲਾਅ ਦੇਖ ਰਿਹਾ ਹਾਂ। ਜਨਤਾ ਉਨ੍ਹਾਂ ਲੋਕਾਂ ਨਾਲ ਨਿਰਾਸ਼ ਹੈ ਜੋ ਭਾਜਪਾ ’ਚ ਗਏ ਹਨ। ਮੈਨੂੰ ਭਰੋਸਾ ਹੈ ਕਿ ਚੋਣਾਂ ’ਚ ਲੋਕ ਸਹੀ ਫਤਵਾ ਦੇਣਗੇ ਤੇ ਭਾਜਪਾ ਨੂੰ ਉਸ ਦੀ ਢੁੱਕਵੀਂ ਥਾਂ ਦਿਖਾਉਣਗੇ।’’ ਉਨ੍ਹਾਂ ਕਿਹਾ ਕਿ ਵਿਰੋਧੀ ਦਲਾਂ ਦੇ ਗਠਬੰਧਨ ‘ਇੰਡੀਆ’ ਦੀ 31 ਅਗਸਤ ਤੇ ਪਹਿਲੀ ਸਤੰਬਰ ਨੂੰ ਮੁੰਬਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। -ਪੀਟੀਆਈ

Advertisement

ਐੱਨਸੀਪੀ ਛੱਡਣ ਵਾਲਿਆਂ ਖ਼ਿਲਾਫ਼ ਗੁਰਿਲਾ ਰਣਨੀਤੀ ਵਰਤ ਰਹੇ ਨੇ ਸ਼ਰਦ ਪਵਾਰ: ਰਾਊਤ

ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਕਿਹਾ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ਪਾਰਟੀ ਛੱਡਣ ਵਾਲਿਆਂ ਖ਼ਿਲਾਫ਼ ਗੁਰੀਲਾ (ਲੁੱਕਵਾਂ ਹਮਲਾ) ਯੁੱਧ ਨੀਤੀ ਦੀ ਵਰਤੋਂ ਕਰ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਊਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਭਾਜਪਾ ਖ਼ਿਲਾਫ਼ ਜੰਗ ਲੜ ਰਹੀ ਹੈ। ਉਨ੍ਹਾਂ ਕਿਹਾ, ‘‘ਸ਼ਰਦ ਪਵਾਰ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਪਾਰਟੀ ਛੱਡਣ ਵਾਲਿਆਂ ਨਾਲ ਲੜਨ ਲਈ ਲੁੱਕਵੀਂ ਯੁੱਧ ਨੀਤੀ ਦੀ ਚੋਣ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਸ਼ਰਦ ਪਵਾਰ ਕਦੇ ਵੀ ਭਾਜਪਾ ’ਚ ਸ਼ਾਮਲ ਨਹੀਂ ਹੋਣਗੇ। ਉਹ ਮਹਾ ਵਿਕਾਸ ਅਗਾੜੀ ਅਤੇ ‘ਇੰਡੀਆ’ ਗੱਠਬੰਧਨ ਦੇ ਅਹਿਮ ਆਗੂ ਹਨ। ਰਾਊਤ ਅਨੁਸਾਰ ਇਸ ਦਾ ਇਹ ਮਤਲਬ ਨਹੀਂ ਕਿ ਸ਼ਰਦ ਪਵਾਰ ਦੋ ਕਿਸ਼ਤੀਆਂ ’ਚ ਸਵਾਰ ਹਨ। ਪਵਾਰ ਬਾਰੇ ਕੋਈ ਭਰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼ਿਵ ਸੈਨਾ ਤੇ ਐੱਨਸੀਪੀ ਨੂੰ ਫੁਟ ਦਾ ਸਾਹਮਣਾ ਕਰਨਾ ਪਿਆ ਹੈ। -ਪੀਟੀਆਈ

Advertisement