ਆਨਲਾਈਨ ਸੱਟੇਬਾਜ਼ੀ: ਅਦਾਕਾਰ ਰਾਣਾ ਡੱਗੂਬਾਤੀ ਈਡੀ ਅੱਗੇ ਪੇਸ਼
ਕੁਝ ਆਨਲਾਈਨ ਪਲੈਟਫਾਰਮਾਂ ਵੱਲੋਂ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਅਤੇ ਜੂਆ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿੱਚ ਅਦਾਕਾਰ ਰਾਣਾ ਡੱਗੂਬਾਤੀ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਕੋਲ ਪੇਸ਼ ਹੋਏ। ਸੰਘੀ ਏਜੰਸੀ ਨੇ ਪਿਛਲੇ ਮਹੀਨੇ ਚਾਰ ਅਦਾਕਾਰਾਂ ਪ੍ਰਕਾਸ਼ ਰਾਜ, ਵਿਜੈ ਦੇਵਰਕੌਂਡਾ, ਰਾਣਾ ਡੱਗੂਬਾਤੀ ਅਤੇ ਲਕਸ਼ਮੀ ਮਾਂਚੂ ਨੂੰ ਸੰਮਨ ਜਾਰੀ ਕਰ ਕੇ ਮਾਮਲੇ ਵਿੱਚ ਪੁੱਛ-ਪੜਤਾਲ ਲਈ ਏਜੰਸੀ ਦੇ ਖੇਤਰੀ ਦਫ਼ਤਰ ਵੱਖ-ਵੱਖ ਤਰੀਕਾਂ ’ਤੇ ਪੇਸ਼ ਹੋਣ ਨੂੰ ਕਿਹਾ ਸੀ। ਰਾਜ ਅਤੇ ਦੇਵਰਕੌਂਡਾ ਇਸ ਤੋਂ ਪਹਿਲਾਂ ਈਡੀ ਦੇ ਸਾਹਮਣੇ ਪੇਸ਼ ਹੋਏ ਸਨ।
ਅਧਿਕਾਰਤ ਸੂਤਰਾਂ ਮੁਤਾਬਕ, ਇਨ੍ਹਾਂ ਅਦਾਕਾਕਰਾਂ ਨੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਧਨ ਇਕੱਠਾ ਕਰਨ ਵਿੱਚ ਸ਼ਾਮਲ ਆਨਲਾਈਨ ਸੱਟੇਬਾਜ਼ੀ ਐਪ ਦੇ ਸਮਰਥਨ ਵਿੱਚ ਪ੍ਰਚਾਰ ਕੀਤਾ ਸੀ। ਉਨ੍ਹਾਂ ਦੀ ਪੇਸ਼ੀ ਦੌਰਾਨ ਏਜੰਸੀ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਦੇ ਪ੍ਰਬੰਧਾਂ ਤਹਿਤ ਅਦਾਕਾਰਾਂ ਦੇ ਬਿਆਨ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਈਡੀ ਨੇ ਇਨ੍ਹਾਂ ਅਦਾਕਾਰਾਂ, ਕਈ ਹੋਰ ਮਸ਼ਹੂਰ ਸ਼ਖ਼ਸੀਅਤਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਸੂਬੇ ਦੀ ਪੁਲੀਸ ਵੱਲੋਂ ਦਰਜ ਕੀਤੀਆਂ ਗਈਆਂ ਪੰਜ ਐੱਫਆਈਆਰਜ਼ ’ਤੇ ਨੋਟਿਸ ਲਿਆ ਸੀ। ਈਡੀ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ’ਤੇ ਸੈਲੀਬ੍ਰਿਟੀ ਜਾਂ ਇਸ਼ਤਿਹਾਰੀ ਫੀਸ ਬਦਲੇ ਆਨਲਾਈਨ ਸੱਟੇਬਾਜ਼ੀ ਐਪ ਦੇ ਸਮਰਥਨ ਵਿੱਚ ਪ੍ਰਚਾਰ ਕਰਨ ਦਾ ਸ਼ੱਕ ਹੈ।