‘ਇਕ ਮਹੀਨਾ, ਇਕ ਵਿਅਕਤੀ, ਦੋ ਵਿਰੋਧੀ ਬਿਆਨ’: ਕਾਂਗਰਸ ਦਾ ਆਰਐੱਸਐੱਸ ਮੁਖੀ ’ਤੇ ਨਿਸ਼ਾਨਾ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਵੱਲੋਂ ਦਿੱਤੇ ਬਿਆਨ ਕਿ ਉਨ੍ਹਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਉਹ 75 ਸਾਲ ਦੀ ਉਮਰ ’ਚ ਰਿਟਾਇਰ ਹੋਣਗੇ ਜਾਂ ਕਿਸੇ ਹੋਰ ਨੂੰ ਰਿਟਾਇਰ ਹੋਣਾ ਚਾਹੀਦਾ ਹੈ, 'ਤੇ ਕਾਂਗਰਸ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਕਾਂਗਰਸ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਮਹੀਨੇ ਦੇ ਅੰਦਰ ਦੋ ਬਿਆਨ ਦਿੱਤੇ ਜੋ ਆਪਸ ਵਿਚ ਮੇਲ ਨਹੀਂ ਖਾਂਦੇ।
ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਭਾਗਵਤ ਦੇ ਵੀਰਵਾਰ ਅਤੇ ਜੁਲਾਈ ਦੇ ਬਿਆਨਾਂ ਦੀਆਂ ਮੀਡੀਆ ਰਿਪੋਰਟਾਂ ਨੂੰ ਟੈਗ ਕਰਦੇ ਹੋਏ ਕਿਹਾ, "ਇੱਕ ਮਹੀਨਾ, ਇੱਕ ਵਿਅਕਤੀ, ਦੋ ਵਿਰੋਧੀ ਬਿਆਨ।" ਭਾਗਵਤ ਦੀਆਂ ਇਹ ਟਿੱਪਣੀਆਂ ਉਨ੍ਹਾਂ ਦੀਆਂ ਪਿਛਲੀਆਂ ਟਿੱਪਣੀਆਂ 'ਤੇ ਲੱਗ ਰਹੀਆਂ ਕਿਆਸਅਰਾਈਆਂ ਨੂੰ ਖਤਮ ਕਰਦੀਆਂ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਸੀ। ਮੋਦੀ ਅਤੇ ਭਾਗਵਤ ਦੋਵੇਂ ਅਗਲੇ ਮਹੀਨੇ 75 ਸਾਲ ਦੇ ਹੋ ਜਾਣਗੇ।
ਆਰਐਸਐਸ ਮੁਖੀ ਦੀ ਸਪੱਸ਼ਟੀਕਰਨ
ਵੀਰਵਾਰ ਨੂੰ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਦੇ ਸ਼ਤਾਬਦੀ ਸਮਾਰੋਹ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਭਾਗਵਤ ਨੇ ਕਿਹਾ, "ਅਸੀਂ ਜ਼ਿੰਦਗੀ ਵਿੱਚ ਕਦੇ ਵੀ ਰਿਟਾਇਰ ਹੋਣ ਲਈ ਤਿਆਰ ਹਾਂ ਅਤੇ ਜਦੋਂ ਤੱਕ ਸੰਘ ਚਾਹੁੰਦਾ ਹੈ, ਉਦੋਂ ਤੱਕ ਕੰਮ ਕਰਨ ਲਈ ਤਿਆਰ ਹਾਂ।" 75 ਸਾਲ ਦੀ ਉਮਰ ਵਿੱਚ ਰਿਟਾਇਰ ਹੋਣ ਦੇ ਮੁੱਦੇ ’ਤੇ ਭਾਗਵਤ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਨਾਗਪੁਰ ਵਿੱਚ ਸਵਰਗੀ ਆਰਐੱਸਐੱਸ ਨੇਤਾ ਮੋਰੋਪੰਤ ਪਿੰਗਲੇ ਦਾ ਜ਼ਿਕਰ ਉਨ੍ਹਾਂ ਦੀ ਹਾਸੇ-ਮਜ਼ਾਕ ਵਾਲੀ ਸ਼ੈਲੀ ਨੂੰ ਉਜਾਗਰ ਕਰਨ ਲਈ ਕੀਤਾ ਸੀ।
ਭਾਗਵਤ ਨੇ ਦੱਸਿਆ ਕਿ ਜਦੋਂ ਪਿੰਗਲੇ 75 ਸਾਲ ਦੇ ਹੋਏ ਸਨ ਤਾਂ ਉਨ੍ਹਾਂ ਨੂੰ ਇੱਕ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ 'ਤੇ ਪਿੰਗਲੇ ਨੇ ਕਿਹਾ ਸੀ, ‘‘ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਤੁਸੀਂ ਮੈਨੂੰ ਸਨਮਾਨਿਤ ਕੀਤਾ ਹੈ, ਪਰ ਮੈਂ ਜਾਣਦਾ ਹਾਂ ਕਿ ਜਦੋਂ ਇਹ ਸ਼ਾਲ ਦਿੱਤੀ ਜਾਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕੁਰਸੀ 'ਤੇ ਸ਼ਾਂਤੀ ਨਾਲ ਬੈਠੋ ਅਤੇ ਦੇਖੋ ਕਿ ਕੀ ਹੁੰਦਾ ਹੈ।’’
ਆਰਐਸਐਸ ਮੁਖੀ ਨੇ ਸਪੱਸ਼ਟ ਕੀਤਾ ਕਿ 75 ਸਾਲ ਦਾ ਉਨ੍ਹਾਂ ਦਾ ਸੰਦਰਭ ਕਿਸੇ ਵੀ ਨੇਤਾ ਦੇ ਰਿਟਾਇਰਮੈਂਟ ਲਈ ਨਹੀਂ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਮੈਂ ਕਦੇ ਵੀ ਇਹ ਨਹੀਂ ਕਿਹਾ ਕਿ ਮੈਂ ਰਿਟਾਇਰ ਹੋਵਾਂਗਾ ਜਾਂ ਕਿਸੇ ਹੋਰ ਨੂੰ ਰਿਟਾਇਰ ਹੋਣਾ ਚਾਹੀਦਾ ਹੈ। ਸੰਘ ਵਿੱਚ ਸਵੈਮਸੇਵਕਾਂ ਨੂੰ ਇੱਕ ਕੰਮ ਦਿੱਤਾ ਜਾਂਦਾ ਹੈ, ਚਾਹੇ ਉਹ ਚਾਹੁਣ ਜਾਂ ਨਾ ਚਾਹੁਣ, ਉਨ੍ਹਾਂ ਨੂੰ ਇਹ ਕਰਨਾ ਪੈਂਦਾ ਹੈ।"