ਦਸ ਵਿਚੋਂ ਇਕ ਬੱਚਾ ਮੋਟਾਪੇ ਦਾ ਸ਼ਿਕਾਰ: ਯੂਨੀਸੈੱਫ
ਯੂਨੀਸੈੱਫ ਇੰਡੀਆ ਦੇ ਮਾਹਿਰਾਂ ਨੇ ਅੱਜ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਵਿੱਚ ਸਾਰੇ ਉਮਰ ਵਰਗਾਂ ਵਿੱਚ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ। ਇਹ ਮੋਟਾਪਾ ਜੀਵਨ ਸ਼ੈਲੀ ਵਿਚ ਬਦਲਾਅ ਤੇ ਅਲਟਰਾ-ਪ੍ਰੋਸੈਸਡ ਖੁਰਾਕੀ ਵਸਤਾਂ ਦੇ ਜ਼ਿਆਦਾ ਸੇਵਨ ਕਰਨ ਨਾਲ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਦਸ ਵਿੱਚੋਂ ਇੱਕ ਬੱਚਾ (ਲਗਪਗ 18.8 ਕਰੋੜ) ਮੋਟਾਪੇ ਦਾ ਸ਼ਿਕਾਰ ਹੈ। ਯੂਨੀਸੈੱਫ ਦੀ ਅੱਜ ਜਾਰੀ ਕੀਤੀ ਗਈ ਚਾਈਲਡ ਨਿਊਟਰੀਸ਼ਨ ਗਲੋਬਲ ਰਿਪੋਰਟ 2025 ਅਨੁਸਾਰ ਮੋਟਾਪੇ ਨੇ ਪਹਿਲੀ ਵਾਰ ਵਿਸ਼ਵ ਪੱਧਰ ’ਤੇ ਘੱਟ ਭਾਰ ਵਰਗ ਨੂੰ ਪਛਾੜ ਦਿੱਤਾ ਹੈ ਤੇ ਮੋਟਾਪੇ ਦਾ ਜ਼ਿਆਦਾ ਸ਼ਿਕਾਰ ਸਕੂਲ ਜਾਣ ਵਾਲੇ ਬੱਚੇ ਅਤੇ ਕਿਸ਼ੋਰ ਹੋ ਰਹੇ ਹਨ।
ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਕਿ ਕੰਪਿਊਟਰਾਂ ਤੇ ਮੋਬਾਈਲ ਦੇ ਵਧੇ ਹੋਏ ਸਕਰੀਨ ਟਾਈਮ, ਘੱਟ ਸਰੀਰਕ ਗਤੀਵਿਧੀਆਂ ਅਤੇ ਅਲਟਰਾ ਪ੍ਰੋਸੈਸਡ ਖੁਰਾਕੀ ਵਸਤਾਂ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਵੱਧ ਰਹੀ ਖਪਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਾਰੇ ਉਮਰ ਵਰਗਾਂ ਖਾਸ ਕਰ ਕੇ ਛੋਟੇ ਬੱਚਿਆਂ ਤੋਂ ਲੈ ਕੇ ਬਾਲਗਾਂ ਤੱਕ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ।
ਇਹ ਰਿਪੋਰਟ 190 ਦੇਸ਼ਾਂ ਦੇ ਅੰਕੜਿਆਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਰਿਪੋਰਟ ਅਨੁਸਾਰ ਵਿਸ਼ਵ ਭਰ ਵਿਚ 5 ਤੋਂ 19 ਸਾਲ ਦੇ ਦਸ ਫੀਸਦੀ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਦੂਜੇ ਪਾਸੇ ਸਾਲ 2000 ਤੋਂ ਘੱਟ ਵਜ਼ਨ ਵਾਲਿਆਂ ਦੀ ਦਰ ਵੀ 13 ਫੀਸਦੀ ਤੋਂ ਘਟ ਕੇ 9.2 ਫੀਸਦੀ ਹੋ ਗਈ ਹੈ ਜਦਕਿ ਮੋਟਾਪੇ ਦੀ ਦਰ 3 ਫੀਸਦੀ ਤੋਂ ਵਧ ਕੇ 9.4 ਫੀਸਦੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮੋਟਾਪਾ ਵਧਣ ਨਾਲ ਸ਼ੂਗਰ, ਦਿਲ ਦਾ ਦੌਰਾ ਤੇ ਹੋਰ ਬਿਮਾਰੀਆਂ ਵਧਦੀਆਂ ਹਨ।