ਉੱਤਰਾਖੰਡ ’ਚ ਢਿੱਗਾਂ ਡਿੱਗਣ ਤੇ ਹੜ੍ਹ ਕਾਰਨ ਇੱਕ ਹਲਾਕ; 11 ਲਾਪਤਾ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਹੜ੍ਹ ਕਾਰਨ ਚਾਰ ਪਿੰਡਾਂ ’ਚ 30 ਤੋਂ ਵੱਧ ਮਕਾਨ ਢਹਿ-ਢੇਰੀ ਹੋ ਗਏ। ਇਸ ਕਾਰਨ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ, ਉੱਥੇ 11 ਜਣਿਆਂ ਦੇ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਹੈ ਜਦਕਿ 20 ਜਣੇ ਜ਼ਖ਼ਮੀ ਹੋ ਗਏ। ਸੂਬੇ ਦੇ ‘ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (ਐੱਸਈਓਸੀ) ਮੁਤਾਬਕ ਜਿੱਥੇ ਮਲਬੇ ਹੇਠੋਂ ਇੱਕ ਲਾਸ਼ ਮਿਲੀ ਹੈ, ਉੱਥੇ ਪਿੰਡ ਕੁੰਤਾਰੀ ਲਾਗਾਫਲੀ ’ਚੋਂ ਦੋ ਔਰਤਾਂ ਤੇ ਇੱਕ ਬੱਚੇ ਨੂੰ ਬਚਾ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ ਨਰੇਂਦਰ ਸਿੰਘ (42) ਵਜੋਂ ਹੋਈ ਹੈ। ਸੈਂਟਰ ਮੁਤਾਬਕ ਦੋ ਪਿੰਡਾਂ ਦੇ 11 ਜਣੇ ਲਾਪਤਾ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੱਤਰਕਾਰਾਂ ਨੂੰ 14 ਜਣਿਆਂ ਦੇ ਲਾਪਤਾ ਹੋਣ ਬਾਰੇ ਦੱਸਿਆ ਸੀ। ਢਿੱਗਾਂ ਅਤੇ ਹੜ੍ਹ ਕਾਰਨ ਪ੍ਰਭਾਵਿਤ ਚਾਰ ਪਿੰਡ ਨੰਦਨਗਰ ਇਲਾਕੇ ’ਚ ਆਉਂਦੇ ਹਨ। ਸ੍ਰੀ ਧਾਮੀ ਨੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਦੱਸਿਆ ਕਿ ਪ੍ਰਭਾਵਿਤ ਪਿੰਡਾਂ ’ਚ ਕੁੰਤਾਰੀ ਲਾਗਾਫਲੀ, ਕੁੰਤਾਰੀ ਲਾਗਾਸਰਪਨੀ, ਸੇਰਾ ਤੇ ਧੁਰਮਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ 200 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।
‘ਕੰਗਨਾ ਵਾਪਸ ਜਾਓ, ਤੁਸੀਂ ਦੇਰੀ ਨਾਲ ਪੁੱਜੇ ਹੋ’ ਨਾਅਰੇ ਗੂੰਜੇ
ਸ਼ਿਮਲਾ: ਮਨਾਲੀ ’ਚ ਮੀਂਹ ਕਾਰਨ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਪੁੱਜੀ ਭਾਜਪਾ ਐੱਮਪੀ ਕੰਗਨਾ ਰਣੌਤ ਖ਼ਿਲਾਫ਼ ‘ਕੰਗਨਾ ਵਾਪਸ ਜਾਓ, ਤੁਸੀਂ ਦੇਰੀ ਨਾਲ ਪੁੱਜੇ ਹੋ’ ਦੇ ਨਾਅਰੇ ਗੂੰਜੇ। ਪਾਟਲੀਕੁਹਾਲ ਇਲਾਕੇ ’ਚ ਪੁੱਜੀ ਐੱਮਪੀ ਕੰਗਨਾ ਖ਼ਿਲਾਫ਼ ਰੋਸ ਜ਼ਾਹਰ ਕਰਦੇ ਸਥਾਨਕ ਲੋਕਾਂ ਦੀਆਂ ਵੀਡੀਓਜ਼ ਇੰਟਰਨੈੱਟ ’ਤੇ ਵਾਇਰਲ ਹੋਈਆਂ। ਇਨ੍ਹਾਂ ’ਚ ਲੋਕ ਕਾਲੇ ਝੰਡੇ ਫੜੀ ਨਾਅਰੇਬਾਜ਼ੀ ਕਰਦੇ ਦਿਖਾਈ ਦਿੰਦੇ ਹਨ। ਇਸ ਦੌਰਾਨ ਸਥਾਨਕ ਲੋਕਾਂ ਅਤੇ ਭਾਜਪਾ ਆਗੂਆਂ ’ਚ ਤਿੱਖੀ ਬਹਿਸਬਾਜ਼ੀ ਵੀ ਹੋਈ ਜਿਸ ਦੌਰਾਨ ਪੁਲੀਸ ਨੂੰ ਦਖ਼ਲ ਦੇਣਾ ਪਿਆ। -ਪੀਟੀਆਈ
ਮੌਸਮ ਵਿਭਾਗ ਵੱਲੋਂ ਹਿਮਾਚਲ ਲਈ ‘ਯੈਲੋ ਅਲਰਟ’
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਲਈ ਭਾਰੀ ਮੀਂਹ ਸਬੰਧੀ ਜਾਰੀ ‘ਯੈਲੋ ਅਲਰਟ’ ਦਰਮਿਆਨ ਸੂਬੇ ਦੇ ਕਈ ਹਿੱਸਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਪਿਆ। ਇਸ ਦੌਰਾਨ ਕੁੱਲ 566 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ’ਚ ਦੋ ਕੌਮੀ ਮਾਰਗ ਵੀ ਸ਼ਾਮਲ ਹਨ। -ਪੀਟੀਆਈ