ਅਮਰੀਕਾ ਵੱਲੋਂ ਹੁਣ ਤੱਕ ਕੱਢੇ 1,703 ਭਾਰਤੀਆਂ ’ਚੋਂ ਸਭ ਤੋਂ ਵੱਧ ਪੰਜਾਬੀ
ਅਮਰੀਕਾ ਸਰਕਾਰ ਨੇ 20 ਜਨਵਰੀ ਤੋਂ ਲੈ ਕੇ 22 ਜੁਲਾਈ ਤੱਕ 1,703 ਭਾਰਤੀਆਂ ਨੂੰ ਮੁਲਕ ’ਚੋਂ ਕੱਢਿਆ ਹੈ। ਇਨ੍ਹਾਂ ’ਚ ਸਭ ਤੋਂ ਵੱਧ ਪੰਜਾਬ (620), ਹਰਿਆਣਾ (604) ਅਤੇ ਗੁਜਰਾਤ (245) ਦੇ ਵਿਅਕਤੀ ਸ਼ਾਮਲ ਹਨ। ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਦੇ ਸਟੂਡੈਂਟ ਵੀਜ਼ਿਆਂ ਲਈ ਅਪਾਇੰਟਮੈਂਟਸ ਹੁਣ ਖੁੱਲ੍ਹੀਆਂ ਹਨ। ਇਹ ਜਾਣਕਾਰੀ ਅੱਜ ਲੋਕ ਸਭਾ ’ਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਇਕ ਲਿਖਤੀ ਜਵਾਬ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਯੂਪੀ ਦੇ 38, ਗੋਆ ਦੇ 26, ਮਹਾਰਾਸ਼ਟਰ ਤੇ ਦਿੱਲੀ ਦੇ 20-20, ਤਿਲੰਗਾਨਾ ਦੇ 19, ਤਾਮਿਲਨਾਡੂ ਦੇ 17, ਆਂਧਰਾ ਪ੍ਰਦੇਸ਼ ਤੇ ਉੱਤਰਾਖੰਡ ਦੇ 12-12, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ 10-10, ਕੇਰਲ ਤੇ ਚੰਡੀਗੜ੍ਹ ਦੇ 8-8, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ 7-7, ਪੱਛਮੀ ਬੰਗਾਲ ਦੇ 6, ਕਰਨਾਟਕ ਦੇ 5, ਉੜੀਸਾ, ਬਿਹਾਰ ਤੇ ਝਾਰਖੰਡ ਦੇ 1-1 ਵਿਅਕਤੀ ਵਤਨ ਪਰਤੇ ਹਨ। ਉਨ੍ਹਾਂ ਕਿਹਾ ਕਿ ਛੇ ਕੇਸਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਸਰਕਾਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਡਿਪੋਰਟ ਕੀਤੇ ਜਾਣ ਵਾਲੇ ਵਿਅਕਤੀਆਂ ਨਾਲ ਮਾਨਵੀ ਵਿਹਾਰ ਯਕੀਨੀ ਬਣਾਉਣ ਲਈ ਅਮਰੀਕਾ ਨਾਲ ਰਾਬਤਾ ਕਾਇਮ ਕੀਤਾ ਸੀ। ਵਿਦੇਸ਼ ਮੰਤਰਾਲੇ ਨੇ ਡਿਪੋਰਟੀਆਂ ਖਾਸ ਕਰਕੇ ਔਰਤਾਂ ਅਤੇ ਬੱਚਿਆਂ ਨੂੰ ਬੇੜੀਆਂ ’ਚ ਜਕੜ ਕੇ ਭੇਜਣ ’ਤੇ ਅਮਰੀਕੀ ਅਧਿਕਾਰੀਆਂ ਕੋਲ ਸਖ਼ਤ ਇਤਰਾਜ਼ ਜਤਾਇਆ ਸੀ। ਇਸ ਤੋਂ ਇਲਾਵਾ ਦਸਤਾਰਾਂ ਦੀ ਵਰਤੋਂ ਸਮੇਤ ਧਾਰਮਿਕ/ਸੱਭਿਆਚਾਰਕ ਸੰਵੇਦਨਸ਼ੀਲਤਾਵਾਂ ਬਾਰੇ ਚਿੰਤਾਵਾਂ ਵੀ ਅਮਰੀਕੀ ਅਧਿਕਾਰੀਆਂ ਕੋਲ ਰੱਖੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ 5 ਫਰਵਰੀ ਤੋਂ ਬਾਅਦ ਕਿਸੇ ਵੀ ਉਡਾਣ ’ਚ ਡਿਪੋਰਟੀਆਂ ਨਾਲ ਮਾੜੇ ਵਿਹਾਰ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵੀਜ਼ਾ ਅਪਾਇੰਟਮੈਂਟਾਂ ਹੁਣ ਖੁੱਲ੍ਹ ਗਈਆਂ ਹਨ ਅਤੇ ਹੁਣ ਅਮਰੀਕਾ ਨੇ ਜੇ-1 ਡਾਕਟਰ ਸ਼੍ਰੇਣੀ ਲਈ ਅਪਾਇੰਟਮੈਂਟਾਂ ਨੂੰ ਤਰਜੀਹ ਦੇਣ ਲਈ ਇੱਕ ਸਾਫਟਵੇਅਰ-ਆਧਾਰਿਤ ਤਕਨੀਕ ਸ਼ੁਰੂ ਕੀਤੀ ਹੈ।