ਉੜੀਸਾ: ਪੁਰੀ ਵਿਚ ਜਗਨਨਾਥ ਯਾਤਰਾ ਮੌਕੇ ਸ੍ਰੀ ਗੁੰਡੀਚਾ ਮੰਦਰ ਨੇੜੇ ਭਗਦੜ ’ਚ ਤਿੰਨ ਮੌਤਾਂ
50 ਦੇ ਕਰੀਬ ਸ਼ਰਧਾਲੂ ਜ਼ਖ਼ਮੀ, ਛੇ ਦੀ ਹਾਲਤ ਗੰਭੀਰ, ਜ਼ਖ਼ਮੀ ਨੇੜਲੇ ਹਸਪਤਾਲ ਵਿਚ ਦਾਖ਼ਲ; ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਰੱਥ ਯਾਤਰਾ ਦੌਰਾਨ ਮਚੀ ਭਗਦੜ ਲਈ ਸ਼ਰਧਾਲੂਆਂ ਤੋਂ ਮੁਆਫ਼ੀ ਮੰਗੀ
ਪੁਰੀ, 29 ਜੂਨ
ਉੜੀਸਾ ਦੇ ਪੁਰੀ ਵਿਚ ਜਾਰੀ ਜਗਨਨਾਥ ਰੱਥ ਯਾਤਰਾ ਦਰਮਿਆਨ ਐਤਵਾਰ ਨੂੰ ਸ੍ਰੀ ਗੁੰਡੀਚਾ ਮੰਦਰ ਨੇੜੇ ਮਚੀ ਭਗਦੜ ਵਿਚ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 50 ਦੇ ਕਰੀਬ ਸ਼ਰਧਾਲੂ ਜ਼ਖ਼ਮੀ ਦੱਸੇ ਜਾਂਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਦਸਾ ਤੜਕੇ 4 ਵਜੇ ਦੇ ਕਰੀਬ ਉਦੋਂ ਹੋਇਆ ਜਦੋਂ ਸੈਂਕੜੇ ਸ਼ਰਧਾਲੂ ਮੰਦਰ ਨੇੜੇ ਇਕੱਤਰ ਸਨ।
ਪੁਰੀ ਦੇ ਜ਼ਿਲ੍ਹਾ ਕੁਲੈਕਟਰ ਸਿੱਧਾਰਥ ਐੱਸ.ਸਵੈਨ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਤੇ ਇਨ੍ਹਾਂ ਵਿਚੋਂ ਛੇ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਪਛਾਣ ਬਸੰਤੀ ਸਾਹੂ ਵਾਸੀ ਬੋਲਾਗੜ੍ਹ ਅਤੇ ਪ੍ਰੇਮਾਕਾਂਤ ਮੋਹੰਤੀ ਤੇ ਪਾਰਵਤੀ ਦਾਸ ਵਾਸੀ ਬਾਲੀਪਟਨਾ ਵਜੋਂ ਹੋਈ ਹੈ। ਮ੍ਰਿਤਕ ਦੇਹਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ ਤੇ ਅਗਲੇਰੀ ਜਾਂਚ ਜਾਰੀ ਹੈ।
ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਪੁਰੀ ਵਿਚ ਜਗਨਨਾਥ ਰੱਥ ਯਾਤਰਾ ਦੌਰਾਨ ਮਚੀ ਭਗਦੜ ਲਈ ਸ਼ਰਧਾਲੂਆਂ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਇਸ ਘਟਨਾ ਲਈ ਆਪਣੀ ਸਰਕਾਰ ਵੱਲੋਂ ਮੁਆਫ਼ੀ ਮੰਗੀ ਹੈ। ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੜਕੇ ਸ੍ਰੀ ਗੁੰਡੀਚਾ ਮੰਦਰ ਨੇੜੇ ਹੋਈ ਭਗਦੜ ਵਿੱਚ ਕਰੀਬ 50 ਵਿਅਕਤੀ ਜ਼ਖ਼ਮੀ ਵੀ ਹੋਏ ਹਨ।
ਮੁੱਖ ਮੰਤਰੀ ਮਾਝੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਅਤੇ ਮੇਰੀ ਸਰਕਾਰ ਸਾਰੇ ਜਗਨਨਾਥ ਭਗਤਾਂ ਤੋਂ ਮਾਫੀ ਮੰਗਦੇ ਹਾਂ। ਅਸੀਂ ਉਨ੍ਹਾਂ ਸ਼ਰਧਾਲੂਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ... ਮਹਾਪ੍ਰਭੂ ਜਗਨਨਾਥ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਉਨ੍ਹਾਂ ਨੂੰ ਇਸ ਡੂੰਘੇ ਦੁੱਖ ਨੂੰ ਸਹਿਣ ਦੀ ਤਾਕਤ ਦੇਣ।’’ ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਸੁਰੱਖਿਆ ਖਾਮੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਝੀ ਨੇ ਕਿਹਾ, ‘‘ਇਹ ਲਾਪਰਵਾਹੀ ਮੁਆਫ਼ੀਯੋਗ ਨਹੀਂ ਹੈ। ਸੁਰੱਖਿਆ ਖਾਮੀਆਂ ਦੀ ਤੁਰੰਤ ਜਾਂਚ ਕੀਤੀ ਜਾਵੇਗੀ, ਅਤੇ ਮੈਂ ਜ਼ਿੰਮੇਵਾਰ ਲੋਕਾਂ ਵਿਰੁੱਧ ਮਿਸਾਲੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।’’