ਉੜੀਸਾ: ਕਈ ਅਪਰਾਧਾਂ ’ਚ ਸ਼ਾਮਲ ਵਿਅਕਤੀ ਦੇਸੀ ਬੰਬ ਧਮਾਕੇ ’ਚ ਜ਼ਖਮੀ
ਉੜੀਸਾ ’ਚ ਕਈ ਅਪਰਾਧਾਂ ’ਚ ਸ਼ਾਮਲ ਇਕ ਮੁਲਜ਼ਮ ਜਗਤਸਿੰਘਪੁਰ ਜ਼ਿਲ੍ਹੇ ’ਚ ਸੋਮਵਾਰ ਨੂੰ ਦੇਸੀ ਬੰਬ ਧਮਾਕੇ ’ਚ ਜ਼ਖ਼ਮੀ ਹੋ ਗਿਆ। ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਪਾਰਾਦੀਪ ਜ਼ਿਲ੍ਹੇ ਦੇ ਤਿਰਤੋਲ ਨਿਵਾਸੀ 35 ਸਾਲਾ ਦਿਵਿਆਜੋਤੀ ਸਪਥੀ ਵਜੋਂ ਹੋਈ ਹੈ। ਪੁਲੀਸ ਅਨੁਸਾਰ ਸਪਥੀ ਅਤੇ ਉਸ ਦਾ ਸਾਥੀ ਮੋਟਰਸਾਈਕਲ ’ਤੇ ਦੇਸੀ ਬੰਬ ਲੈ ਕੇ ਜਾ ਰਹੇ ਸਨ, ਜਦੋਂ ਬਾਲੀਕੁਡਾ ਥਾਣਾ ਖੇਤਰ ਦੇ ਕਰਕੇਈ ਹਾਟ ਨੇੜੇ ਰਸਤੇ ’ਚ ਸਤਪਥੀ ਦੇ ਹੱਥ ’ਚ ਬੰਬ ਫਟ ਗਿਆ।
ਪੁਲੀਸ ਨੇ ਕਿਹਾ, ‘‘ਧਮਾਕੇ ’ਚ ਸਪਥੀ ਦਾ ਸੱਜਾ ਹੱਥ ਝੁਲਸ ਗਿਆ, ਜਦੋਂ ਕਿ ਇੱਕ ਹੋਰ ਬੰਬ ਜ਼ਮੀਨ ’ਤੇ ਡਿੱਗ ਗਿਆ।’’ ਤੇਜ਼ ਆਵਾਜ਼ ਸੁਣ ਕੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਬਾਲੀਕੁਡਾ ਥਾਣੇ ’ਚ ਇਸ ਦੀ ਜਾਣਕਾਰੀ ਦਿੱਤੀ। ਇੱਕ ਅਧਿਕਾਰੀ ਨੇ ਕਿਹਾ, ‘‘ਪੁਲੀਸ ਦੀ ਇੱਕ ਟੀਮ ਮੌਕੇ ’ਤੇ ਪਹੁੰਚੀ ਅਤੇ ਸਪਥੀ ਨੂੰ ਬਾਲੀਕੁਡਾ ਕਮਿਊਨਿਟੀ ਸਿਹਤ ਕੇਂਦਰ ’ਚ ਦਾਖਲ ਕਰਵਾਇਆ।’’
ਅਧਿਕਾਰੀ ਨੇ ਦੱਸਿਆ ਕਿ ਜੋ ਬੰਬ ਨਹੀਂ ਫਟਿਆ ਸੀ ਉਸ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਬਾਅਦ ’ਚ ਬੰਬ ਨਕਾਰਾ ਦਸਤੇ ਦੀ ਮਦਦ ਨਾਲ ਉਸ ਨੂੰ ਨਕਾਰਾ ਕਰ ਦਿੱਤਾ ਗਿਆ। ਬਾਲੀਕੁਡਾ ਥਾਣਾ ਦੇ ਇੰਚਾਰਜ ਇੰਸਪੈਕਟਰ ਸੁਸ਼ਾਂਤ ਕੁਮਾਰ ਸਾਹੂ ਨੇ ਦੱਸਿਆ ਕਿ ਸਤਪਥੀ ਕਈ ਅਪਰਾਧਕ ਮਾਮਲਿਆਂ ’ਚ ਸ਼ਾਮਲ ਸੀ। ਸਾਹੂ ਨੇ ਕਿਹਾ, ‘‘ਅਸੀਂ ਉਸ ਦੇ ਫਰਾਰ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।’’ -ਪੀਟੀਆਈ