ਉੜੀਸਾ: ਬਦਮਾਸ਼ਾਂ ਨੇ 15 ਸਾਲਾ ਲੜਕੀ ਨੂੰ ਲਾਈ ਅੱਗ, ਹਸਪਤਾਲ ਦਾਖਲ
ਓਡੀਸ਼ਾ ਦੇ ਪੁਰੀ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਨੂੰ ਬਦਮਾਸ਼ਾਂ ਨੇ ਇੱਕ 15 ਸਾਲਾ ਲੜਕੀ ਨੂੰ ਅੱਗ ਲਗਾ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੂੰ ਨਾਜ਼ੁਕ ਹਾਲਤ ਵਿੱਚ ਭੁਬਨੇਸ਼ਵਰ ਦੇ ਏਮਜ਼ ਹਸਪਤਾਲ ਲਿਜਾਇਆ ਗਿਆ ਹੈ।
ਉਪ ਮੁੱਖ ਮੰਤਰੀ ਪ੍ਰਵਤੀ ਪਰੀਦਾ, ਜੋ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਇੰਚਾਰਜ ਹਨ, ਨੇ 'ਐਕਸ' (X) 'ਤੇ ਇੱਕ ਪੋਸਟ ਵਿੱਚ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, "ਮੈਨੂੰ ਇਹ ਖ਼ਬਰ ਸੁਣ ਕੇ ਬਹੁਤ ਦੁੱਖ ਅਤੇ ਸਦਮਾ ਲੱਗਿਆ ਹੈ ਕਿ ਪੁਰੀ ਜ਼ਿਲ੍ਹੇ ਦੇ ਬਲੰਗਾ ਵਿੱਚ ਕੁਝ ਬਦਮਾਸ਼ਾਂ ਨੇ ਸੜਕ ’ਤੇ ਇੱਕ ਪੰਦਰਾਂ ਸਾਲਾ ਲੜਕੀ ’ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ।’’
ਉਪ ਮੁੱਖ ਮੰਤਰੀ ਨੇ ਅੱਗੇ ਕਿਹਾ, ‘‘ਲੜਕੀ ਨੂੰ ਤੁਰੰਤ ਏਮਜ਼ ਭੁੁਬਨੇਸ਼ਵਰ ਵਿੱਚ ਦਾਖਲ ਕੀਤਾ ਗਿਆ ਹੈ ਅਤੇ ਉਸਦੇ ਇਲਾਜ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਇਲਾਜ ਦਾ ਸਾਰਾ ਖਰਚ ਸਰਕਾਰ ਚੁੱਕੇਗੀ।’’ ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।’’
ਚਸ਼ਮਦੀਦਾਂ ਨੇ ਦੱਸਿਆ ਕਿ ਲੜਕੀ ਆਪਣੀ ਦੋਸਤ ਦੇ ਘਰ ਜਾ ਰਹੀ ਸੀ, ਜਦੋਂ ਤਿੰਨ ਬਦਮਾਸ਼ਾਂ ਨੇ ਬੇਆਬਾਰ ਪਿੰਡ ਵਿੱਚ ਉਸਨੂੰ ਨੂੰ ਅੱਗ ਲਾ ਦਿੱਤ ਅਤੇ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਸਥਾਨਕ ਲੋਕਾਂ ਨੇ ਅੱਗ ਬੁਝਾਈ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।