ਉੜੀਸਾ ਝੜਪ: ਵਿਅਕਤੀ ਦੀ ਮੌਤ ਤੋਂ ਬਾਅਦ ਭਦਰਕ ਵਿੱਚ ਇੰਟਰਨੈਟ ਮੁਅੱਤਲੀ ਵਧਾਈ
ਭੁਵਨੇਸ਼ਵਰ/ਭਦਰਕ, 13 ਜੂਨ
Odisha clash: ਉੜੀਸਾ ਸਰਕਾਰ ਨੇ ਭਦਰਕ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਇੰਟਰਨੈਟ ਸੇਵਾਵਾਂ ਦੀ ਮੁਅੱਤਲੀ 12 ਘੰਟੇ ਹੋਰ ਵਧਾ ਕੇ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਕਰ ਦਿੱਤੀ ਹੈ। ਇਹ ਪਾਬੰਦੀ 12 ਜੂਨ ਤੋਂ ਪਸ਼ੂ ਤਸਕਰੀ ਨੂੰ ਲੈ ਕੇ ਹੋਏ ਟਕਰਾਅ ਦੌਰਾਨ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਲਗਾਈ ਗਈ ਸੀ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਕਲੈਕਟਰ ਦਿਲੀਪ ਰਾਉਤਰੇਈ ਨੇ ਪੀਟੀਆਈ ਨੂੰ ਦੱਸਿਆ ਕਿ ਭਦਰਕ, ਤਿਹੜੀ ਅਤੇ ਧਮਨਗਰ ਬਲਾਕਾਂ ਦੇ ਨਾਲ-ਨਾਲ ਭਦਰਕ ਨਗਰ ਪਾਲਿਕਾ ਅਤੇ ਧਮਨਗਰ ਨੋਟੀਫਾਈਡ ਏਰੀਆ ਕੌਂਸਲ (ਐਨਏਸੀ) ਦੇ ਖੇਤਰਾਂ ਵਿੱਚ ਸ਼ਾਮ 6 ਵਜੇ ਤੱਕ ਇੰਟਰਨੈਟ ਸੇਵਾਵਾਂ ਮੁਅੱਤਲ ਰਹਿਣਗੀਆਂ।
ਜ਼ਿਲ੍ਹਾ ਕਲੈਕਟਰ ਨੇ ਕਿਹਾ ਕਿ ਸਥਿਤੀ ਕਿ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਹੁਣ ਤੱਕ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ। ਉਨ੍ਹਾਂ ਕਿਹਾ, ‘‘ਅਸੀਂ ਚੌਕਸ ਹਾਂ ਅਤੇ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।’’ ਪੂਰਬੀ ਰੇਂਜ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਸਤਿਆਜੀਤ ਨਾਇਕ ਨੇ ਕਿਹਾ ਕਿ ਪ੍ਰਸ਼ਾਸਨ ਨੇ ਗਲਤ ਜਾਣਕਾਰੀ ਫੈਲਣ ਤੋਂ ਰੋਕਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੰਜ ਸਥਾਨਾਂ 'ਤੇ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ।
ਡੀਆਈਜੀ ਨੇ ਕਿਹਾ ਕਿ ਪਰੀਡਾ ਦੀ ਮੌਤ ਦੇ ਮੁੱਖ ਦੋਸ਼ੀ ਸਮੇਤ ਕੁੱਲ 12 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਨਾਗਰਿਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸੋਸ਼ਲ ਮੀਡੀਆ ਪੋਸਟਾਂ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਲਈ ਮੁਆਵਜ਼ਾ ਪੈਕੇਜ ਦਾ ਐਲਾਨ ਕੀਤਾ ਸੀ। ਜਿਸ ਵਿੱਚ 10 ਲੱਖ ਰੁਪਏ ਨਕਦ, ਪਰਿਵਾਰ ਦੇ ਇੱਕ ਮੈਂਬਰ ਲਈ ਨੌਕਰੀ ਅਤੇ ਉਸਦੇ ਬੱਚਿਆਂ ਦੀ ਪੜ੍ਹਾਈ ਲਈ ਵਿੱਤੀ ਕਵਰ ਸ਼ਾਮਲ ਹੈ। -ਪੀਟੀਆਈ