ਪੰਜਾਬੀ ਭਾਸ਼ਾ ਦੀ ਅਣਦੇਖੀ ’ਤੇ ਇਤਰਾਜ਼ ਜਤਾਇਆ
ਇਥੋਂ ਦੇ ਭਾਰਤ ਨਗਰ ਚੌਕ ਦੇ ਸੁੰਦਰੀਕਰਨ ਦੇ ਨਾਂ ’ਤੇ ਲਗਾਏ ਗਏ ਡਿਸਪਲੇਅ ਬੋਰਡਾਂ ’ਤੇ ਪੰਜਾਬੀ ਭਾਸ਼ਾ ਦੀ ਕੀਤੀ ਗਈ ਅਣਦੇਖੀ ’ਤੇ ਹੁਣ ਭਾਸ਼ਾ ਵਿਭਾਗ ਨੇ ਇਤਰਾਜ਼ ਜਤਾਇਆ ਹੈ। ਵਿਭਾਗ ਦੇ ਡਾਇਰੈਕਟਰ ਨੇ ਨਿਗਮ ਦੇ ਸਕੱਤਰ ਤੇ ਕਮਿਸ਼ਨਰ ਨੂੰ ਇਸ ਬਾਰੇ ਚਿੱਠੀ ਲਿੱਖ ਕੇ ਕਿਹਾ ਹੈ ਕਿ ਚੌਕ ਵਿੱਚ ਪੰਜਾਬੀ ਭਾਸ਼ਾ ਦੀ ਅਣਦੇਖੀ ਕੀਤੀ ਗਈ ਹੈ, ਜਿਸਨੂੰ ਸਹੀ ਕਰਵਾਇਆ ਜਾਏ। ਚਿੱਠੀ ਲਿੱਖਣ ਦੇ ਬਾਵਜੂਦ ਨਿਗਮ ਅਧਿਕਾਰੀਆਂ ’ਤੇ ਇਸਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਡਿਸਪਲੇਅ ਕੀਤੇ ਗਏ ਬੋਰਡਾਂ ਵਿੱਚ ਪੰਜਾਬ ਰਾਜ ਭਾਸ਼ਾ ਐਕਟ 1967 ਤੇ ਪੰਜਾਬ ਰਾਜ ਭਾਸ਼ਾ ਐਕਟ 2008 ਦੀ ਉਲੰਘਣਾ ਕੀਤੀ ਗਈ ਹੈ। ਪੰਜਾਬ ਸਰਕਾਰ ਨੇ 5 ਦਸੰਬਰ 2022 ਨੂੰ ਹੁਕਮ ਜਾਰੀ ਕੀਤੇ ਸਨ ਕਿ ਸਾਰੇ ਸਰਕਾਰੀ ਵਿਭਾਗਾਂ, ਦਫਤਰਾਂ, ਸੜਕਾਂ, ਮੀਲ ਪੱਥਰਾਂ ਅਤੇ ਹੋਰਨਾਂ ਮੁੱਖ ਬੋਰਡਾਂ ’ਤੇ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ ’ਤੇ ਲਿੱਖਣਾ ਜ਼ਰੂਰੀ ਹੈ। ਪਰ ਇਸਦੇ ਬਾਵਜੂਦ ਭਾਰਤ ਨਗਰ ਚੌਕ ਵਿੱਚ ਪੰਜਾਬੀ ਭਾਸ਼ਾ ਵਿੱਚ ਬੋਰਡ ਹੀ ਨਹੀਂ ਲਗਾਇਆ ਗਿਆ। ਪਬਲਿਕ ਐਕਸ਼ਨ ਕਮੇਟੀ ਨੇ ਇਹ ਮੁੱਦਾ ਚੁੱਕਿਆ ਸੀ। ਸਮਾਜ ਸੇਵੀ ਸੰਸਥਾਵਾਂ ਦੇ ਨਾਲ ਕਮੇਟੀ ਨੇ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਤੇ ਐੱਨ ਐੱਚ ਏ ਆਈ ਨੂੰ ਚਿੱਠੀ ਵੀ ਲਿਖੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਭਾਰਤ ਨਗਰ ਚੌਕ ਨੂੰ ਸਾਈਕਲ ਸਨਅਤਕਾਰ ਵੱਲੋਂ ਸੁੰਦਰੀਕਰਨ ਕਰਨ ਲਈ ਲਿਆ ਗਿਆ ਹੈ ਪਰ ਪੰਜਾਬੀ ਭਾਸ਼ਾ ਨੂੰ ਕਿਤੇ ਵੀ ਥਾਂ ਨਹੀਂ ਦਿੱਤੀ ਗਈ।
