ਨਰਸਿੰਗ ਕੌਂਸਲ ਵੱਲੋਂ ਜੰਮੂ ਕਸ਼ਮੀਰ ਦੇ 11 ਕਾਲਜਾਂ ਦੀ ਮਾਨਤਾ ਰੱਦ
ਭਾਰਤੀ ਨਰਸਿੰਗ ਕੌਂਸਲ (ਆਈ ਐੱਨ ਸੀ) ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀਆਂ 11 ਨਰਸਿੰਗ ਸੰਸਥਾਵਾਂ ਦੀ ਆਲ ਇੰਡੀਆ ਮਾਨਤਾ ਰੱਦ ਕਰ ਦਿੱਤੀ ਹੈ। ਇਸ ਨਾਲ ਇਨ੍ਹਾਂ ਨਰਸਿੰਗ ਸੰਸਥਾਵਾਂ ਦੇ ਗ੍ਰੈਜੂਏਟ ਵਿਦਿਆਰਥੀ ਸਿਰਫ ਜੰਮੂ ਕਸ਼ਮੀਰ ਅੰਦਰ ਹੀ ਪ੍ਰੈਕਟਿਸ ਕਰ ਸਕਣਗੇ। ਬਿਹਾਰ ਅਤੇ ਅਸਾਮ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਨਰਸਿੰਗ ਕੌਂਸਲ ਦੇ ਇਸ ਸਖ਼ਤ ਕਦਮ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਬਿਹਾਰ ਤੇ ਅਸਾਮ ਦੀਆਂ 32 ਨਰਸਿੰਗ ਸੰਸਥਾਵਾਂ ਨੂੰ ਨਰਸਿੰਗ ਪ੍ਰੋਗਰਾਮ ਚਲਾਉਣ ਦੇ ਅਯੋਗ ਪਾਇਆ ਗਿਆ ਸੀ। ਇਸ ਫ਼ੈਸਲੇ ਨਾਲ ਇਨ੍ਹਾਂ ਕਾਲਜਾਂ ਵਿੱਚ ਪੜ੍ਹਦੇ ਸੈਂਕੜੇ ਨਰਸਿੰਗ ਵਿਦਿਆਰਥੀਆਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਕੌਂਸਲ ਨੇ 14 ਸਤੰਬਰ ਨੂੰ ਪ੍ਰਕਾਸ਼ਿਤ ਇੱਕ ਗਜ਼ਟ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਜੰਮੂ ਕਸ਼ਮੀਰ ਸਰਕਾਰ ਅਤੇ ਜੰਮੂ ਕਸ਼ਮੀਰ ਨਰਸਿਜ਼ ਐਂਡ ਮਿਡਵਾਈਵਜ਼ ਕੌਂਸਲ ਨੂੰ ਵਾਰ-ਵਾਰ ਭੇਜੇ ਗਏ ਨੋਟਿਸਾਂ ਦਾ ਕੋਈ ਜਵਾਬ ਨਾ ਮਿਲਣ ਕਾਰਨ ਭਾਰਤੀ ਨਰਸਿੰਗ ਕੌਂਸਲ ਐਕਟ, 1947 ਦੀ ਧਾਰਾ 14 ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਕੌਂਸਲ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੇ ਕਈ ਸਾਲਾਂ ਤੋਂ ਕਾਨੂੰਨੀ ਨਿਰੀਖਣ ਲਈ ਅਰਜ਼ੀ ਨਹੀਂ ਦਿੱਤੀ ਸੀ ਅਤੇ ਉਨ੍ਹਾਂ ਨੂੰ ਨਰਸਿੰਗ ਪ੍ਰੋਗਰਾਮ ਚਲਾਉਣ ਲਈ ‘ਅਯੋਗ’ ਪਾਇਆ ਗਿਆ ਸੀ। ਮਾਨਤਾ ਰੱਦ ਕਰਨ ਸਬੰਧੀ 8 ਨਵੰਬਰ 2024 ਨੂੰ ਜਾਰੀ ਕੀਤੇ ਨੋਟਿਸ ਦੀ ਇੱਕ ਕਾਪੀ ਜੰਮੂ ਅਤੇ ਕਸ਼ਮੀਰ ਨਰਸਿਜ਼ ਐਂਡ ਮਿਡਵਾਈਵਜ਼ ਕੌਂਸਲ ਨੂੰ ਵੀ ਭੇਜੀ ਗਈ ਸੀ। ਨੋਟਿਸ ਵਿੱਚ ਰਾਜ ਸਰਕਾਰ ਨੂੰ ਨਰਸਿੰਗ ਸੰਸਥਾਵਾਂ ਦੀ ਯੋਗਤਾ ਦੇ ਸਬੰਧ ਵਿੱਚ ਕੌਂਸਲ ਨੂੰ ਆਪਣੀਆਂ ਸਿਫਾਰਸ਼ਾਂ ਭੇਜਣ ਦੀ ਬੇਨਤੀ ਕੀਤੀ ਗਈ ਸੀ ਪਰ ਸਰਕਾਰ ਅਤੇ ਨਰਸਿੰਗ ਸੰਸਥਾਵਾਂ ਨੇ ਕੋਈ ਜਵਾਬ ਨਹੀਂ ਭੇਜਿਆ। 19 ਮਾਰਚ, 2025 ਤੋਂ ਲਾਗੂ ਇਨ੍ਹਾਂ ਹੁਕਮਾਂ ਅਨੁਸਾਰ 11 ਨਰਸਿੰਗ ਕਾਲਜਾਂ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀ ਸਿਰਫ ਜੰਮੂ ਅਤੇ ਕਸ਼ਮੀਰ ਵਿੱਚ ਰਜਿਸਟ੍ਰੇਸ਼ਨ ਦੇ ਯੋਗ ਹੋਣਗੇ।ਨਰਸਿੰਗ ਕੌਂਸਲ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਵਿੱਚ ਨਰਸਿੰਗ ਸਿੱਖਿਆ ਦੇ ਮਿਆਰ ਅਤੇ ਭਰੋਸੇਯੋਗਤਾ ਬਣਾਈ ਰੱਖਣ ਲਈ ਓਪਰੋਕਤ ਫ਼ੈਸਲਾ ਲੈਣਾ ਜ਼ਰੂਰੀ ਸੀ। ਕੌਂਸਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲਾਜ਼ਮੀ ਕਾਨੂੰਨੀ ਲੋੜਾਂ, ਨਿਰੀਖਣ ਅਤੇ ਵਿੱਦਿਅਕ ਮਿਆਰਾਂ ਦੀ ਪਾਲਣਾ ਕਰਨ ’ਚ ਅਸਫਲ ਰਹਿਣ ਵਾਲੀਆਂ ਸੰਸਥਾਵਾਂ ਚੱਲਦੀਆਂ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਜੰਮੂ ਅਤੇ ਕਸ਼ਮੀਰ ਦੀਆਂ ਜਿਨ੍ਹਾਂ ਸੰਸਥਾਵਾਂ ਦੀ ਮਾਨਤਾ ਰੱਦ ਕੀਤੀ ਗਈ ਹੈ, ਉਨ੍ਹਾਂ ਵਿੱਚ ਜੰਮੂ ਕਾਲਜ ਆਫ਼ ਨਰਸਿੰਗ ਐਂਡ ਪੈਰਾ ਮੈਡੀਕਲ ਸਾਇੰਸਿਜ਼ ਜੰਮੂ (ਏ ਐੱਨ ਐੱਮ, ਜੀ ਐੱਨ ਐੱਮ), ਰਾਜੀਵ ਗਾਂਧੀ ਕਾਲਜ ਆਫ਼ ਨਰਸਿੰਗ ਜੰਮੂ (ਏ ਐੱਨ ਐੱਮ), ਬੀ ਐੱਨ ਕਾਲਜ ਆਫ਼ ਨਰਸਿੰਗ ਜੰਮੂ (ਪੋਸਟ ਬੇਸਿਕ ਡਿਪਲੋਮਾ ਇਨ ਏ ਐੱਨ ਐੱਮ ਜਾਂ ਨਰਸਿੰਗ), ਫਲੋਰੈਂਸ ਨਾਈਟਿੰਗੇਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਪੈਰਾ-ਮੈਡੀਕਲ ਸਾਇੰਸ ਊਧਮਪੁਰ (ਏ ਐੱਨ ਐੱਮ, ਜੀ ਐੱਨ ਐੱਮ), ਗੁਰੂ ਤੇਗ ਬਹਾਦੁਰ ਪੈਰਾ-ਮੈਡੀਕਲ ਇੰਸਟੀਚਿਊਟ ਕਠੂਆ (ਏ ਐੱਨ ਐੱਮ), ਵਿਨਾਇਕ ਇੰਸਟੀਚਿਊਟ ਆਫ਼ ਨਰਸਿੰਗ ਐਂਡ ਪੈਰਾਮੈਡੀਕਲ ਸਾਇੰਸਿਜ਼ ਜੰਮੂ (ਏ ਐੱਨ ਐੱਮ), ਗੁਪਤਾ ਇੰਸਟੀਚਿਊਟ ਆਫ਼ ਪੈਰਾ-ਮੈਡੀਕਲ ਐਂਡ ਅਲਾਇਡ ਹੈਲਥ ਸਾਇੰਸਿਜ਼ ਕਠੂਆ (ਜੀ ਐੱਨ ਐੱਮ), ਆਰ ਬੀ ਨਰਸਿੰਗ ਐਂਡ ਪੈਰਾ-ਮੈਡੀਕਲ ਇੰਸਟੀਟਿਊਸ਼ਨ ਕਠੂਆ (ਏ ਐੱਨ ਐੱਮ), ਰੈਸ਼ਮੋਲ ਮੈਮੋਰੀਅਲ ਕਾਲਜ ਆਫ਼ ਨਰਸਿੰਗ ਐਂਡ ਮੈਡੀਕਲ ਟੈਕਨਾਲੋਜੀ ਅਨੰਤਨਾਗ (ਬੀ ਐੱਸਸੀ ਨਰਸਿੰਗ), ਗਵਰਨਮੈਂਟ ਕਾਲਜ ਫ਼ਾਰ ਵਿਮੈਨ ਗਾਂਧੀ ਨਗਰ ਜੰਮੂ (ਬੀ ਐੱਸਸੀ ਨਰਸਿੰਗ) ਅਤੇ ਬੀਬੀ ਹਲੀਮਾ ਕਾਲਜ ਆਫ਼ ਨਰਸਿੰਗ ਐਂਡ ਮੈਡੀਕਲ ਟੈਕਨਾਲੋਜੀ ਸ੍ਰੀਨਗਰ (ਪੋਸਟ ਬੇਸਿਕ ਬੀ ਐੱਸਸੀ ਨਰਸਿੰਗ) ਸ਼ਾਮਲ ਹਨ।