ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਵਾਸੀ ਭਾਰਤੀ ਸਨਅਤਕਾਰ ਲਾਰਡ ਸਵਰਾਜ ਪੌਲ ਦਾ ਦੇਹਾਂਤ

ਉਦਯੋਗ ਤੇ ਲੋਕ ਭਲਾਈ ਦੇ ਕੰਮਾਂ ’ਚ ਪਾਏ ਯੋਗਦਾਨ ਲਈ ਕੀਤਾ ਜਾਵੇਗਾ ਯਾਦ
Advertisement

ਜਲੰਧਰ ਦੀਆਂ ਗਲੀਆਂ ਤੋਂ ਬਰਤਾਨੀਆ ਤੱਕ ਦਾ ਸਫਰ ਤੈਅ ਕਰਨ ਵਾਲੇ ਲਾਰਡ ਸਵਰਾਜ ਪੌਲ ਦਾ ਲੰਘੀ ਸ਼ਾਮ ਲੰਡਨ ’ਚ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਬਰਤਾਨੀਆ ਸਥਿਤ ਕਪਾਰੋ ਉਦਯੋਗ ਸਮੂਹ ਦੇ ਸੰਸਥਾਪਕ ਲਾਰਡ ਪੌਲ ਹਾਲ ਹੀ ਵਿੱਚ ਬਿਮਾਰ ਹੋ ਗਏ ਸਨ ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਉਨ੍ਹਾਂ 21 ਅਗਸਤ ਦੀ ਸ਼ਾਮ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਆਖਰੀ ਸਾਹ ਲਏ। ਪਿਆਰੇ ਲਾਲ ਦੇ ਘਰ 18 ਫਰਵਰੀ 1931 ਨੂੰ ਜਨਮੇ ਲਾਰਡ ਪੌਲ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਕਾਰੋਬਾਰ ਨਾਲ ਜੁੜੇ ਹੋਏ ਸਨ। ਲਾਰਡ ਪੌਲ ਦੇ ਪਿਤਾ ਬਾਲਟੀਆਂ ਤੇ ਹੋਰ ਖੇਤੀ ਸੰਦਾਂ ਸਮੇਤ ਸਟੀਲ ਦਾ ਸਾਮਾਨ ਬਣਾਉਂਦੇ ਸਨ। ਲਾਰਡ ਪੌਲ ਨੇ ਇਸੇ ਤਜਰਬੇ ਨੂੰ ਵਰਤਦਿਆਂ ਬਰਤਾਨੀਆ ’ਚ ਕਪਾਰੋ ਗਰੁੱਪ ਦੀ ਸਥਾਪਨਾ ਕੀਤੀ ਜੋ ਮੁੱਖ ਤੌਰ ’ਤੇ ਸਟੀਲ ਅਤੇ ਵੱਖ ਵੱਖ ਇੰਜਨੀਅਰਿੰਗ ਉਤਪਾਦਾਂ ਦੇ ਡਿਜ਼ਾਈਨ, ਨਿਰਮਾਣ, ਮਾਰਕੀਟਿੰਗ ਤੇ ਵੰਡ ’ਚ ਲੱਗੀ ਹੋਈ ਹੈ। ਉਨ੍ਹਾਂ ਜਲੰਧਰ ’ਚ ਸਕੂਲੀ ਸਿੱਖਿਆ ਪੂਰੀ ਕਰਨ ਮਗਰੋਂ 1949 ’ਚ ਪੰਜਾਬ ਯੂਨੀਵਰਸਿਟੀ ਤੋਂ ਬੀਐੱਸਸੀ ਕੀਤੀ ਅਤੇ ਫਿਰ ਐੱਮਆਈਟੀ ਤੋਂ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਲਈ ਅਮਰੀਕਾ ਚਲੇ ਗਏ। 1978 ’ਚ ਉਨ੍ਹਾਂ ਨੂੰ ਬਰਤਾਨੀਆ ਦੀ ਮਹਾਰਾਣੀ ਨੇ ਨਾਈਟ ਦੇ ਅਹੁਦੇ ਨਾਲ ਸਨਮਾਨਿਤ ਕੀਤਾ। 1983 ’ਚ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ। ਉਹ 1966 ’ਚ ਆਪਣੀ ਧੀ ਅੰਬਿਕਾ ਦਾ ‘ਲਿਊਕੇਮੀਆ’ ਦਾ ਇਲਾਜ ਕਰਾਉਣ ਲਈ ਬਰਤਾਨੀਆ ’ਚ ਜਾ ਵਸੇ ਪਰ ਬਦਕਿਸਮਤੀ ਨਾਲ ਚਾਰ ਸਾਲ ਦੀ ਉਮਰ ’ਚ ਉਸ ਦਾ ਦੇਹਾਂਤ ਹੋ ਗਿਆ। ਉਨ੍ਹਾਂ ਆਪਣੀ ਧੀ ਦੀ ਯਾਦ ’ਚ ਲੋਕ ਭਲਾਈ ਦੇ ਕੰਮਾਂ ਲਈ ਅੰਬਿਕਾ ਪੌਲ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਅਤੇ 2022 ’ਚ ਆਪਣੀ ਪਤਨੀ ਅਰੁਣਾ ਦੇ ਦੇਹਾਂਤ ਮਗਰੋਂ ਇਸ ਫਾਊਂਡੇਸ਼ਨ ਦਾ ਨਾਂ ਬਦਲ ਕੇ ‘ਅਰੁਣਾ ਐਂਡ ਅੰਬਿਕਾ ਪੌਲ ਫਾਊਂਡੇਸ਼ਨ’ ਕਰ ਦਿੱਤਾ। ਪੌਲ ਦੇ ਪੁੱਤਰ ਆਕਾਸ਼ ਪੌਲ ਕਪਾਰੋ ਇੰਡੀਆ ਦੇ ਚੇਅਰਮੈਨ ਤੇ ਕਪਾਰੋ ਸਮੂਹ ਦੇ ਡਾਇਰੈਕਟਰ ਹਨ।

 

Advertisement

ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟਾਇਆ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਰਾਜ ਪੌਲ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਐਕਸ ’ਤੇ ਕਿਹਾ, ‘ਸ੍ਰੀ ਸਵਰਾਜ ਪੌਲ ਜੀ ਦੇ ਦੇਹਾਂਤ ਨਾਲ ਬਹੁਤ ਦੁੱਖ ਹੋਇਆ। ਬਰਤਾਨੀਆ ’ਚ ਉਦਯੋਗ, ਲੋਕ ਭਲਾਈ ਦੇ ਕੰਮਾਂ ਅਤੇ ਲੋਕ ਸੇਵਾ ’ਚ ਉਨ੍ਹਾਂ ਦੇ ਯੋਗਦਾਨ ਅਤੇ ਭਾਰਤ ਨਾਲ ਮਜ਼ਬੂਤ ਸਬੰਧਾਂ ਲਈ ਉਨ੍ਹਾਂ ਦੀ ਹਮਾਇਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।’ ਉਨ੍ਹਾਂ ਕਿਹਾ, ‘ਮੈਨੂੰ ਸਾਡੀਆਂ ਕਈ ਮੁਲਾਕਾਤਾਂ ਯਾਦ ਆਉਂਦੀਆਂ ਹਨ। ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ। ਓਮ ਸ਼ਾਂਤੀ।’ -ਪੀਟੀਆਈ

Advertisement