ਹੁਣ ਕ੍ਰਿਸ਼ਨ ਜਨਮਭੂਮੀ ਮੰਦਰ ਦੀ ਉਸਾਰੀ ’ਤੇ ਜ਼ੋਰ
ਵਿਸ਼ਵ ਹਿੰਦੂ ਪਰਿਸ਼ਦ ਨੇ ਇਥੇ ਸ਼ੌਰਿਆ ਯਾਤਰਾ ਕੱਢੀ ਅਤੇ ਸ੍ਰੀ ਕ੍ਰਿਸ਼ਨ ਜਨਮਭੂਮੀ ਸਥਾਨ ’ਤੇ ਵਿਸ਼ਾਲ ਮੰਦਰ ਬਣਾਉਣ ਦਾ ਆਪਣਾ ਸੰਕਲਪ ਦੁਹਰਾਇਆ। ਇਹ ਯਾਤਰਾ ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਜਕਰਤਾਵਾਂ ਵੱਲੋਂ ‘ਅਯੁੱਧਿਆ ਹੂਈ ਹਮਾਰੀ ਹੈ, ਅਬ ਮਥੁਰਾ ਕੀ ਬਾਰੀ ਹੈ’ ਦੇ ਨਾਅਰੇ ਲਗਾਉਣ ਤੋਂ ਬਾਅਦ ਸ਼ੁਰੂ ਹੋਈ। ਯਾਤਰਾ ਤੋਂ ਪਹਿਲਾਂ ਕਥਾਵਾਚਕ ਦੇਵਕੀਨੰਦਨ ਠਾਕੁਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਦੇਸ਼ ਬਾਬਰ ਅਤੇ ਉਸ ਦੀ ਵਿਚਾਰਧਾਰਾ ਨੂੰ ਕਦੇ ਮਨਜ਼ੂਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਬਾਬਰ ਦਾ ਸਮਰਥਨ ਕਰਨ ਵਾਲਿਆਂ ਨੂੰ ਉਥੇ ਭੇਜ ਦਿੱਤਾ ਜਾਵੇਗਾ, ਜਿਥੋਂ ਬਾਬਰ ਆਇਆ ਸੀ।
ਇਸੇ ਦੌਰਾਨ ਕੋਲਕਾਤਾ ਵਿੱਚ ਲੱਖ ਲੋਕਾਂ ਜਿਨ੍ਹਾਂ ਵਿੱਚ ਸਾਧ, ਸਾਧਵੀ ਵੀ ਸ਼ਾਮਲ ਸਨ ਨੇ ਪ੍ਰਤੀਕ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਕਰਵਾਏ ਵਿਸ਼ਾਲ ਭਗਵਦ ਗੀਤਾ ਪਾਠ ਸਮਾਰੋਹ ਵਿੱਚ ਹਿੱਸਾ ਲਿਆ। ਸੀਨੀਅਰ ਭਾਜਪਾ ਆਗ ਸੁਕਾਂਤਾ ਮਜੂਮਦਾਰ, ਸੁਵੇਂਦੂ ਅਧਿਕਾਰੀ, ਸਾਬਕਾ ਸੰਸਦ ਮੈਂਬਰ ਲੌਕੇਟ ਚੈਟਰਜੀ ਤੇ ਹੋਰਨਾਂ ਨੇ ਇਸ ਵਿਚ ਹਿੱਸਾ ਲਿਆ।
ਉਧਰ, ਹੈਦਰਾਬਾਦ ਵਿੱਚ ਬਾਬਕੀ ਮਸਜਿਦ ਦੀ 33ਵੀਂ ਬਰਸੀ ’ਤੇ ਜਨਤਕ ਮੀਟਿੰਗ ਕਰਵਾਈ ਗਈ। ਤਹਿਰੀਕ ਮੁਸਲਿਮ ਸ਼ੱਬਾਨ ਦੇ ਪ੍ਰਧਾਨ ਮੁਸ਼ਤਾਕ ਮਲਿਕ ਨੇ ਕਿਹਾ ਕਿ ਇਸ ਦੌਰਾਨ ਭਲਾਈ ਸੰਸਥਾਵਾਂ ਦੇ ਨਾਲ-ਨਾਲ ਗ੍ਰੇਟਰ ਹੈਦਰਾਬਾਦ ਵਿੱਚ ਬਾਬਰੀ ਮਸਜਿਦ ਦੀ ਯਾਦਗਾਰ ਉਸਾਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਐਲਾਨ ਕਰਨਗੇ ਕਿ ਇਹ ਕਿਵੇਂ ਤੇ ਕਿੰਨੇ ਸਮੇਂ ਵਿੱਚ ਬਣੇਗੀ। ਇਸੇ ਦੌਰਾਨ ਮੁਅੱਤਲ ਟੀ ਐੱਮ ਸੀ ਵਿਧਾਇਕ ਹੁਮਾਯੂੰ ਕਬੀਰ ਨੇ ਵੀ ਫਰਵਰੀ ਵਿੱਚ ਇਕ ਲੱਖ ਲੋਕਾਂ ਨਾਲ ਕੁਰਾਨ ਦੀਆਂ ਆਇਤਾਂ ਦਾ ਪਾਠ ਕਰਾਉਣ ਦਾ ਐਲਾਨ ਕੀਤਾ ਹੈ।
ਭਾਰਤੀ ਸੋਚ ’ਤੇ ਉਸਾਰਿਆ ਜਾਵੇਗਾ ਨਵਾਂ ਭਾਰਤ: ਆਰਐੱਸਐੱਸ
ਨਾਗਪੁਰ: ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ ਨੇ ਅੱਜ ਕਿਹਾ ਕਿ ‘ਨਵਾਂ ਭਾਰਤ’ ਭਾਰਤੀ ਕਦਰਾਂ-ਕੀਮਤਾਂ ’ਤੇ ਬਣਾਇਆ ਜਾਵੇਗਾ। ਇਹ ਸਿਰਫ ਭਾਰਤੀ ਸੋਚ ਨਾਲ ਹੀ ਸੰਭਵ ਹੋਵੇਗਾ। ਇਸ ਲਈ ਦੇਸ਼ ਨੂੰ ਸਵੈ-ਭੁੱਲਣ, ਆਤਮ-ਵਿਸ਼ਵਾਸ ਦੀ ਘਾਟ ਅਤੇ ਨਕਲ ਦੀਆਂ ਪ੍ਰਵਿਰਤੀਆਂ ਨੂੰ ਦੂਰ ਕਰਨਾ ਹੋਵੇਗਾ। ਉਨ੍ਹਾਂ ਇਹ ਗੱਲ ਇਥੇ ਯੂਨੀਵਰਸਿਟੀ ਵਿੱਚ ਕਰਵਾਏ ਇਕ ਸਮਾਗਮ ਵਿੱਚ ਕਹੀ।
