ਬਿਹਾਰ ਚੋਣਾਂ ਦੇ ਆਖਰੀ ਗੇੜ ਤੇ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਜਾਰੀ
ਭਾਰਤੀ ਚੋਣ ਕਮਿਸ਼ਨ ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਅਤੇ ਪੰਜਾਬ ਦੇ ਤਰਨ ਤਾਰਨ ਸਣੇ ਵੱਖ ਵੱਖ ਰਾਜਾਂ ਦੀਆਂ ਅੱਠ ਸੀਟਾਂ ’ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਹਾਲਾਂਕਿ ਐੱਨ ਡੀ ਏ ਅਤੇ ‘ਇੰਡੀਆ’ ਗੱਠਜੋੜ ਨੇ ਉਮੀਦਵਾਰਾਂ ਦਾ ਹਾਲੇ ਐਲਾਨ ਨਹੀਂ ਕੀਤਾ ਹੈ। ਇਸ ਗੇੜ ਵਿਚ ਬਿਹਾਰ ਵਿਧਾਨ ਸਭਾ ਦੀਆਂ 243 ਵਿੱਚੋਂ ਬਾਕੀ ਰਹਿੰਦੀਆਂ 122 ਸੀਟਾਂ ਲਈ 11 ਨਵੰਬਰ ਨੂੰ ਵੋਟਿੰਗ ਹੋਵੇਗੀ ਤੇ ਇਨ੍ਹਾਂ 122 ਸੀਟਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਅੱਜ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਤੇ ਛੇ ਰਾਜਾਂ ਦੀਆਂ ਅੱਠ ਸੀਟਾਂ ’ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਵੋਟਿੰਗ ਵੀ 11 ਨਵੰਬਰ ਨੂੰ ਹੀ ਕਰਵਾਈ ਜਾਵੇਗੀ। ਬਿਹਾਰ ’ਚ ਪਹਿਲੇ ਗੇੜ ਦੀ ਵੋਟਿੰਗ 6 ਨਵੰਬਰ ਨੂੰ ਹੋਵੇਗੀ। ਬਿਹਾਰ ਵਿਧਾਨ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਇਸੇ ਦੌਰਾਨ ਚੋਣ ਕਮਿਸ਼ਨ ਨੇ ਛੇ ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਪਹਿਲਾਂ ਅੱਜ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਹਾਜ਼ਰੀ ’ਚ ਵੋਟਿੰਗ ਮਸ਼ੀਨਾਂ ਦੀ ਵੰਡ ਸ਼ੁਰੂ ਕੀਤੀ। ਪੰਜਾਬ ਦੀ ਤਰਨ ਤਾਰਨ ਸੀਟ ਅਤੇ ਜੰਮੂ-ਕਸ਼ਮੀਰ ਦੀਆਂ ਬਡਗਾਮ ਤੇ ਨਗਰੋਟਾ ਸੀਟਾਂ ’ਤੇ ਜ਼ਿਮਨੀ ਚੋਣਾਂ ਹੋਣਗੀਆਂ। ਇਨ੍ਹਾਂ ਦੇ ਨਾਲ ਹੀ ਰਾਜਸਥਾਨ (ਅੰਟਾ), ਉੜੀਸਾ (ਨੁਆਪਾੜਾ), ਝਾਰਖੰਡ (ਘਾਟਸ਼ਿਲਾ), ਤਿਲੰਗਾਨਾ (ਜੁਬਲੀ ਹਿੱਲਜ਼) ਅਤੇ ਮਿਜ਼ੋਰਮ (ਡੰਪਾ) ਵਿੱਚ ਵੀ ਜ਼ਿਮਨੀ ਚੋਣ ਹੋਣੀ ਹੈ। ਪੰਜਾਬ ਦੀ ਤਰਨ ਤਾਰਨ ਸੀਟ ’ਤੇ ਜ਼ਿਮਨੀ ਚੋਣ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਹੋ ਰਹੀ ਹੈ।