ਵਾਂਗਚੁਕ ਦੀ ਪਤਨੀ ਦੀ ਪਟੀਸ਼ਨ ’ਤੇ ਕੇਂਦਰ ਤੇ ਲੱਦਾਖ ਨੂੰ ਨੋਟਿਸ
ਵਾਂਗਚੁਕ ਦੀ ਪਤਨੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਨੂੰ ਇਹ ਨਿਰਦੇਸ਼ ਦੇਣ ਦੀ ਅਪੀਲ ਕੀਤੀ ਕਿ ਵਾਂਗਚੁਕ ਨੂੰ ਨਜ਼ਰਬੰਦ ਕਰਨ ਦਾ ਕਾਰਨ ਉਨ੍ਹਾਂ (ਐਂਗਮੋ) ਨੂੰ ਦੱਸਣਾ ਚਾਹੀਦਾ ਹੈ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਕਿ ਜਿਨ੍ਹਾਂ ਕਾਰਨਾਂ ਕਰ ਕੇ ਵਾਂਗਚੁਕ ਨੂੰ ਨਜ਼ਰਬੰਦ ਕੀਤਾ ਗਿਆ ਹੈ, ਉਸ ਬਾਰੇ ਬੰਦੀ (ਵਾਂਗਚੁਕ) ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਹਿਤਾ ਨੇ ਕਿਹਾ ਕਿ ਪਤਨੀ ਗੀਤਾਂਜਲੀ ਨੂੰ ਵਾਂਗਚੁਕ ਨੂੰ ਨਜ਼ਰਬੰਦ ਕੀਤੇ ਜਾਣ ਦਾ ਕਾਰਨ ਦੱਸਣ ਦੀ ਕੋਈ ਕਾਨੂੰਨੀ ਲੋੜ ਨਹੀਂ ਹੈ।
ਸਿੱਬਲ ਨੇ ਨਜ਼ਰਬੰਦ ਕਰਨ ਦਾ ਕਾਰਨ ਦੱਸਣ ਲਈ ਇਕ ਅੰਤਰਿਮ ਆਦੇਸ਼ ਜਾਰੀ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬਿਨਾ ਇਕ ਕਾਪੀ ਦੇ ਨਜ਼ਰਬੰਦ ਕਰਨ ਦੇ ਹੁਕਮਾਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਇਸ ’ਤੇ ਜਸਟਿਸ ਕੁਮਾਰ ਨੇ ਕਿਹਾ, ‘‘ਇਸ ਸਮੇਂ ਅਸੀਂ ਕੁਝ ਨਹੀਂ ਕਹਾਂਗੇ।’’ ਹਾਲਾਂਕਿ, ਬੈਂਚ ਨੇ ਸੌਲੀਸਿਟਰ ਜਨਰਲ ਦੀ ਇਸ ਦਲੀਲ ’ਤੇ ਗੌਰ ਕੀਤਾ ਕਿ ਉਹ ਨਜ਼ਰਬੰਦ ਕਰਨ ਦੇ ਆਧਾਰ ਦੀ ਜਾਣਕਾਰੀ ਦੇਣ ਦੀ ਵਿਹਾਰਕਤਾ ਬਾਰੇ ਪੜਤਾਲ ਕਰਨਗੇ। ਸਿਖ਼ਰਲੀ ਅਦਾਲਤ ਨੇ ਅਧਿਕਾਰੀਆਂ ਨੂੰ ਜੇਲ੍ਹ ਨੇਮਾਂ ਤਹਿਤ ਵਾਂਗਚੁਕ ਦੀਆਂ ਸਿਹਤ ਸਬੰਧੀ ਲੋੜਾਂ ਪੂਰੀਆਂ ਕਰਨ ਦਾ ਨਿਰਦੇਸ਼ ਦਿੱਤਾ।