ਚੋਣ ਨਾ ਲੜਨਾ ਗ਼ਲਤੀ ਹੋ ਸਕਦੈ: ਪ੍ਰਸ਼ਾਂਤ
ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੇ ਮੰਨਿਆ ਕਿ ਬਿਹਾਰ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਉਨ੍ਹਾਂ ਦਾ ਫ਼ੈਸਲਾ ‘ਗ਼ਲਤੀ’ ਹੋ ਸਕਦਾ ਹੈ। ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਅਤੇ ਵੋਟਾਂ ਵੀ 4 ਫੀਸਦ ਤੋਂ ਘੱਟ ਮਿਲੀਆਂ, ਜਿਸ ’ਤੇ ਉਨ੍ਹਾਂ ਹੈਰਾਨੀ ਪ੍ਰਗਟਾਈ ਹੈ।
ਇੱਕ ਇੰਟਰਵਿਊ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ‘‘ਮੇਰਾ ਚੋਣ ਨਾ ਲੜਨ ਦਾ ਫ਼ੈਸਲਾ ਗ਼ਲਤ ਮੰਨਿਆ ਜਾ ਸਕਦਾ ਹੈ। ਸੰਤੁਸ਼ਟੀਜਨਕ ਨਤੀਜੇ ਹਾਸਲ ਕਰਨ ਲਈ ਸਾਨੂੰ ਹਾਲੇ ਬਹੁਤ ਮਿਹਨਤ ਕਰਨੀ ਪਵੇਗੀ। ਮੈਨੂੰ ਉਮੀਦ ਨਹੀਂ ਸੀ ਕਿ ਸਾਡੀ ਪਾਰਟੀ ਨੂੰ 4 ਫੀਸਦ ਤੋਂ ਵੀ ਘੱਟ ਵੋਟਾਂ ਪੈਣਗੀਆਂ।’’ ਇਸ ਦੇ ਨਾਲ ਹੀ ਉਨ੍ਹਾਂ ਅਹਿਦ ਲਿਆ ਕਿ ਉਹ ਬਿਹਾਰ ਜਿੱਤਣ ਤੱਕ ਪਿੱਛੇ ਨਹੀਂ ਹਟਣਗੇ, ਭਾਵੇਂ ਇਸ ਲਈ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ।
ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਸ੍ਰੀ ਕਿਸ਼ੋਰ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜਿੱਤ ’ਤੇ ਸਵਾਲ ਵੀ ਚੁੱਕੇ। ਉਨ੍ਹਾਂ ਦੋਸ਼ ਲਾਇਆ ਕਿ ਜੇ ਸਰਕਾਰ ਨੇ ਚੋਣਾਂ ਤੋਂ ਐਨ ਪਹਿਲਾਂ ਹਰ ਹਲਕੇ ਵਿੱਚ 60,000 ਤੋਂ ਵੱਧ ਲਾਭਪਾਤਰੀਆਂ ਨੂੰ 10-10 ਹਜ਼ਾਰ ਰੁਪਏ ਨਾ ਵੰਡੇ ਹੁੰਦੇ ਤਾਂ ਜੇ ਡੀ (ਯੂ) ਸਿਰਫ਼ 25 ਸੀਟਾਂ ਤੱਕ ਸਿਮਟ ਜਾਂਦੀ।
