ਉੱਤਰ ਕੋਰੀਆ: ਹਵਾਈ ਹਮਲੇ ਰੋਕਣ ਵਾਲੀਆਂ ਦੋ ਮਿਜ਼ਾਈਲਾਂ ਦੀ ਪਰਖ
ਦੱਖਣੀ ਕੋਰੀਆ ਅਤੇ ਅਮਰੀਕਾ ਦੇ ਸਾਲਾਨਾ ਫੌਜੀ ਅਭਿਆਸ ਦਰਮਿਆਨ ਉੱਤਰ ਕੋਰੀਆ ਨੇ ਦੇਸ਼ ਦੀ ਫੌਜੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਹਵਾਈ ਹਮਲਿਆਂ ਨੂੰ ਰੋਕਣ ਵਿੱਚ ਸਮਰੱਥ ਦੋ ਨਵੀਆਂ ਮਿਜ਼ਾਈਲਾਂ ਦਾ ਪਰੀਖਣ ਕੀਤਾ। ਦੇਸ਼ ਦੇ ਆਗੂ ਕਿਮ ਜ਼ੌਂਗ ਉਨ ਇਸ ਪਰੀਖਣ ਦੌਰਾਨ ਮੌਜੂਦ ਸਨ।
ਉੱਤਰ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇਸੀਐੱਨਏ) ਨੇ ਆਪਣੀ ਖ਼ਬਰ ਵਿੱਚ ਦੱਸਿਆ ਕਿ ਸ਼ਨਿਚਰਵਾਰ ਨੂੰ ਕੀਤੇ ਗਏ ਪਰੀਖਣ ਨੇ ਦਰਸਾਇਆ ਹੈ ਕਿ ਇਹ ਮਿਜ਼ਾਈਲ ਡਰੋਨ ਅਤੇ ਕਰੂਜ਼ ਮਿਜ਼ਾਈਲ ਦੇ ਹਮਲਿਆਂ ਨਾਲ ਨਜਿੱਠਣ ਵਿੱਚ ਸਮਰੱਥ ਹੈ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਕਿਮ ਜੌਂਗ ਉਨ ਨੇ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੇ ਇਕ ਪ੍ਰਮੁੱਖ ਸਿਆਸੀ ਸੰਮੇਲਨ ਤੋਂ ਪਹਿਲਾਂ ਰੱਖਿਆ ਵਿਗਿਆਨੀਆਂ ਨੂੰ ਕੁਝ ਅਹਿਮ ਕੰਮ ਵੀ ਸੌਂਪੇ ਹਨ। ਖ਼ਬਰ ਵਿੱਚ ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਮਿਜ਼ਾਈਲ ਕਿਸ ਤਰ੍ਹਾਂ ਦੀ ਸੀ ਜਾਂ ਇਹ ਪਰੀਖਣ ਕਿੱਥੇ ਕੀਤਾ ਗਿਆ।
ਇਹ ਪਰੀਖਣ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਲੀ ਜੇ ਮਿਉਂਗ ਸਿਖ਼ਰ ਸੰਮੇਲਨ ਲਈ ਟੋਕੀਓ ਦੇ ਦੌਰੇ ’ਤੇ ਹਨ। ਇਸ ਮੀਟਿੰਗ ਵਿੱਚ ਉਨ੍ਹਾਂ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਨਾਲ ਦੁਵੱਲੇ ਸਹਿਯੋਗ ਅਤੇ ਅਮਰੀਕਾ ਨਾਲ ਤਿਕੋਣੀ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਹੈ ਤਾਂ ਜੋ ਉੱਤਰ ਕੋਰੀਆ ਦੀ ਪਰਮਾਣੂ ਵਰਗੀਆਂ ਸਾਂਝੀ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ।
ਲੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਇੱਕ ਮੀਟਿੰਗ ਲਈ ਵਾਸ਼ਿੰਗਟਨ ਵਾਸਤੇ ਰਵਾਨਾ ਹੋਣਾ ਸੀ। ਕਿਮ ਦੀ ਸਰਕਾਰ ਨੇ ਆਪਣੇ ਪਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਪ੍ਰੋਗਰਾਮਾਂ ਨੂੰ ਖ਼ਤਮ ਕਰਨ ਲਈ ਲੰਬੇ ਸਮੇਂ ਤੋਂ ਰੁਕੀ ਹੋਈ ਗੱਲਬਾਤ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਸਿਓਲ ਅਤੇ ਵਾਸ਼ਿੰਗਟਨ ਵੱਲੋਂ ਲਗਾਤਾਰ ਕੀਤੀਆਂ ਅਪੀਲਾਂ ਨੂੰ ਖਾਰਜ ਕਰ ਦਿੱਤਾ ਹੈ। ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਕਿਮ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਜੰਗ ਨੂੰ ਤੇਜ਼ ਕਰਨ ਵਿੱਚ ਮਦਦ ਕਰਨ ਲਈ ਹਜ਼ਾਰਾਂ ਸੈਨਿਕ ਅਤੇ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਭੇਜੀਆਂ ਹਨ। ਇਨ੍ਹਾਂ ਖੇਪਾਂ ਵਿੱਚ ਗੋਲਾ-ਬਾਰੂਦ ਅਤੇ ਬੈਲਿਸਟਿਕ ਮਿਜ਼ਾਈਲਾਂ ਸ਼ਾਮਲ ਹਨ।