ਟੈਕਸ ਵਿਵਾਦ ਦੇ ਹੱਲ ਤੱਕ ਭਾਰਤ ਨਾਲ ਕੋਈ ਵਪਾਰਕ ਗੱਲਬਾਤ ਨਹੀਂ ਹੋਵੇਗੀ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਟੈਕਸ ਵਿਵਾਦ ਦਾ ਹੱਲ ਹੋਣ ਤੱਕ ਭਾਰਤ ਨਾਲ ਕੋਈ ਵਪਾਰਕ ਗੱਲਬਾਤ ਨਹੀਂ ਹੋਵੇਗੀ। ਇਹ ਬਿਆਨ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਭਾਰਤੀ ਦਰਾਮਦਾਂ ’ਤੇ ਟੈਕਸ ਦੁੱਗਣੇ ਕਰਨ ਦੇ ਫੈਸਲੇ ਤੋਂ ਬਾਅਦ ਆਇਆ ਹੈ।
ਜਦੋਂ ਓਵਲ ਆਫਿਸ ਵਿੱਚ ਖ਼ਬਰ ਏਜੰਸੀ ਏਐੱਨਆਈ ਵੱਲੋਂ ਇਹ ਪੁੱਛਿਆ ਗਿਆ ਕਿ ਕੀ ਉਹ 50 ਫੀਸਦੀ ਦੇ ਨਵੇਂ ਟੈਕਸ ਦੇ ਮੱਦੇਨਜ਼ਰ ਗੱਲਬਾਤ ਮੁੜ ਸ਼ੁਰੂ ਹੋਣ ਦੀ ਉਮੀਦ ਕਰਦੇ ਹਨ, ਤਾਂ ਉਨ੍ਹਾਂ ਨੇ ਜਵਾਬ ਦਿੱਤਾ, ‘‘ਨਹੀਂ, ਜਦੋਂ ਤੱਕ ਅਸੀਂ ਇਸਨੂੰ ਹੱਲ ਨਹੀਂ ਕਰ ਲੈਂਦੇ।’’
ਬੁੱਧਵਾਰ ਨੂੰ ਵ੍ਹਾਈਟ ਹਾਊਸ ਨੇ ਇੱਕ ਕਾਰਜਕਾਰੀ ਹੁਕਮ ਜਾਰੀ ਕੀਤਾ ਜਿਸ ਵਿੱਚ ਭਾਰਤੀ ਵਸਤਾਂ ’ਤੇ ਵਾਧੂ 25 ਫੀਸਦੀ ਟੈਕਸ ਲਗਾਇਆ ਗਿਆ, ਜਿਸ ਨਾਲ ਕੁੱਲ ਟੈਕਸ 50 ਫੀਸਦੀ ਹੋ ਜਾਵੇਗਾ। ਇਸ ਦੌਰਾਨ ਪ੍ਰਸ਼ਾਸਨ ਨੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੀਆਂ ਚਿੰਤਾਵਾਂ ਦਾ ਹਵਾਲਾ ਦਿੱਤਾ, ਖਾਸ ਤੌਰ 'ਤੇ ਭਾਰਤ ਵੱਲੋਂ ਰੂਸੀ ਤੇਲ ਦੀ ਲਗਾਤਾਰ ਦਰਾਮਦ ਦਾ ਜ਼ਿਕਰ ਵੀ ਕੀਤਾ।
ਹੁਕਮ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਦਰਾਮਦ, ਚਾਹੇ ਸਿੱਧੀ ਹੋਵੇ ਜਾਂ ਵਿਚੋਲਿਆਂ ਰਾਹੀਂ ਅਮਰੀਕਾ ਲਈ ਇੱਕ ਅਸਾਧਾਰਨ ਅਤੇ ਵਿਸ਼ੇਸ਼ ਖਤਰਾ ਪੈਦਾ ਕਰਦੀਆਂ ਹਨ ਅਤੇ ਐਮਰਜੈਂਸੀ ਆਰਥਿਕ ਉਪਾਵਾਂ ਨੂੰ ਜਾਇਜ਼ ਠਹਿਰਾਉਂਦੀਆਂ ਹਨ। ਅਮਰੀਕੀ ਅਧਿਕਾਰੀਆਂ ਅਨੁਸਾਰ ਸ਼ੁਰੂਆਤੀ 25 ਫੀਸਦੀ ਟੈਕਸ 7 ਅਗਸਤ ਨੂੰ ਲਾਗੂ ਹੋ ਗਿਆ ਸੀ। ਵਾਧੂ ਟੈਕਸ 21 ਦਿਨਾਂ ਵਿੱਚ ਲਾਗੂ ਹੋ ਜਾਵੇਗਾ ਅਤੇ ਅਮਰੀਕੀ ਬੰਦਰਗਾਹਾਂ ਵਿੱਚ ਦਾਖਲ ਹੋਣ ਵਾਲੀਆਂ ਸਾਰੀਆਂ ਭਾਰਤੀ ਵਸਤਾਂ ’ਤੇ ਲਾਗੂ ਹੋਵੇਗਾ, ਜਿਨ੍ਹਾਂ ਵਿੱਚ ਪਹਿਲਾਂ ਤੋਂ ਟ੍ਰਾਂਜ਼ਿਟ ਵਿੱਚ ਵਸਤਾਂ ਅਤੇ ਕੁਝ ਛੋਟ ਵਾਲੀਆਂ ਸ਼੍ਰੇਣੀਆਂ ਨੂੰ ਛੋਟ ਦਿੱਤੀ ਜਾਵੇਗੀ।
ਹੁਕਮ ਰਾਸ਼ਟਰਪਤੀ ਨੂੰ ਬਦਲਦੇ ਭੂ-ਰਾਜਨੀਤਿਕ ਹਾਲਾਤਾਂ ਜਾਂ ਭਾਰਤ ਜਾਂ ਹੋਰ ਦੇਸ਼ਾਂ ਵੱਲੋਂ ਬਦਲੇ ਦੀ ਕਾਰਵਾਈ ਦੇ ਅਧਾਰ ’ਤੇ ਉਪਾਵਾਂ ਨੂੰ ਸੋਧਣ ਦੀ ਲਚਕਤਾ ਵੀ ਪ੍ਰਦਾਨ ਕਰਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਐੱਮਐੱਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਇੱਕ ਭਾਸ਼ਣ ਦੌਰਾਨ ਸਖ਼ਤ ਜਵਾਬ ਦਿੱਤਾ, ਜਿਸ ਵਿੱਚ ਸੰਕੇਤ ਦਿੱਤਾ ਗਿਆ ਕਿ ਨਵੀਂ ਦਿੱਲੀ ਆਰਥਿਕ ਦਬਾਅ ਦੇ ਸਾਹਮਣੇ ਪਿੱਛੇ ਨਹੀਂ ਹਟੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਸਾਡੇ ਲਈ, ਸਾਡੇ ਕਿਸਾਨਾਂ ਦਾ ਹਿੱਤ ਸਾਡੀ ਸਭ ਤੋਂ ਵੱਡੀ ਤਰਜੀਹ ਹੈ।" "ਭਾਰਤ ਕਦੇ ਵੀ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਦੇ ਹਿੱਤਾਂ ’ਤੇ ਸਮਝੌਤਾ ਨਹੀਂ ਕਰੇਗਾ। ਮੈਨੂੰ ਪਤਾ ਹੈ ਕਿ ਸਾਨੂੰ ਇਸ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ, ਅਤੇ ਮੈਂ ਇਸਦੇ ਲਈ ਤਿਆਰ ਹਾਂ। ਭਾਰਤ ਤਿਆਰ ਹੈ।’’