ਮਾਓਵਾਦੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ‘‘ਮੈਂ ਆਪਣੇ ਕਬਾਇਲੀ ਭਰਾਵਾਂ ਤੇ ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪੋ-ਆਪਣੇ ਪਿੰਡਾਂ ਦੇ ਨੌਜਵਾਨਾਂ ਨੂੰ ਹਥਿਆਰ ਛੱਡਣ ਲਈ ਮਨਾਉਣ। ਉਹ ਹਥਿਆਰ ਸੁੱਟਣ, ਮੁੱਖ ਧਾਰਾ ਵਿੱਚ ਆਉਣ ਅਤੇ ਬਸਤਰ ਦੇ ਵਿਕਾਸ ’ਚ ਹਿੱਸੇਦਾਰ ਬਣਨ।’’ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਾਓਵਾਦੀ ਬਸਤਰ ਦੀ ਸ਼ਾਂਤੀ ਭੰਗ ਕਰਨਗੇ ਤਾਂ ਸੀ ਆਰ ਪੀ ਐੱਫ ਅਤੇ ਛੱਤੀਸਗੜ੍ਹ ਪੁਲੀਸ ਸਣੇ ਸੁਰੱਖਿਆ ਬਲਾਂ ਵੱਲੋਂ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਇੱਥੋਂ ਦੇ ਪ੍ਰਸਿੱਧ ਮਾਂ ਦਾਂਤੇਸ਼ਵਰੀ ਮੰਦਰ ਵਿੱਚ ਜਾ ਕੇ ਮੱਥਾ ਟੇਕਿਆ ਅਤੇ ਅਗਲੇ ਸਾਲ 31 ਮਾਰਚ ਤੱਕ ਸਮੁੱਚੇ ਬਸਤਰ ਖੇਤਰ ਨੂੰ ‘ਲਾਲ ਅਤਿਵਾਦ’ ਤੋਂ ਮੁਕਤ ਕਰਨ ਲਈ ਸੁਰੱਖਿਆ ਬਲਾਂ ਦੀ ਮਜ਼ਬੂਤੀ ਲਈ ਪ੍ਰਾਰਥਨਾ ਕੀਤੀ ਹੈ। ਉਨ੍ਹਾਂ ਕਿਹਾ, ‘‘ਕੁਝ ਲੋਕ ਵਾਰਤਾ ਦੀ ਗੱਲ ਕਰਦੇ ਹਨ, ਮੈਂ ਮੁੜ ਤੋਂ ਇਕ ਵਾਰ ਸਪੱਸ਼ਟ ਕਰ ਦਿੰਦਾ ਹਾਂ ਕਿ ਸਾਡੀਆਂ ਦੋਵੇਂ ਸਰਕਾਰਾਂ - ਛੱਤੀਸਗੜ੍ਹ ਤੇ ਕੇਂਦਰ ਸਰਕਾਰ, ਬਸਤਰ ਅਤੇ ਨਕਸਲ ਪ੍ਰਭਾਵਿਤ ਹਰੇਕ ਖੇਤਰ ਦੇ ਵਿਕਾਸ ਨੂੰ ਸਮਰਪਿਤ ਹਨ। ਕਿਸ ਬਾਰੇ ਗੱਲਬਾਤ ਕਰਨੀ ਹੈ? ਅਸੀਂ ਕਾਫੀ ਫਾਇਦੇਮੰਦ ਆਤਮ-ਸਮਰਪਣ ਨੀਤੀ ਬਣਾਈ ਹੈ। ਆਓ ਹਥਿਆਰ ਸੁੱਟੋ।’’ -ਪੀਟੀਆਈ
‘ਨਕਸਲਵਾਦ ਕਾਰਨ ਬਸਤਰ ਵਿਕਾਸ ਤੋਂ ਵਾਂਝਾ ਰਿਹਾ’
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘‘ਦਿੱਲੀ ਵਿੱਚ ਕੁਝ ਲੋਕਾਂ ਨੇ ਸਾਲਾਂ ਤੱਕ ਭਰਮ ਫੈਲਾਇਆ ਕਿ ਨਕਸਲਵਾਦ ਦਾ ਜਨਮ ਵਿਕਾਸ ਦੀ ਜੰਗ ਹੈ, ਪਰ ਮੈਂ ਕਬਾਇਲੀ ਭਰਾਵਾਂ ਨੂੰ ਦੱਸਣ ਆਇਆ ਹਾਂ ਕਿ ਪੂਰਾ ਬਸਤਰ ਵਿਕਾਸ ਤੋਂ ਵਾਂਝਾ ਰਿਹਾ, ਵਿਕਾਸ ਤੁਹਾਡੇ ਤੱਕ ਨਹੀਂ ਪੁੱਜਿਆ ਹੈ ਅਤੇ ਇਸ ਦਾ ਅਸਲ ਕਾਰਨ ਨਕਸਲਵਾਦ ਹੈ। ਅੱਜ ਦੇਸ਼ ਦੇ ਹਰੇਕ ਪਿੰਡ ਵਿੱਚ ਬਿਜਲੀ, ਪੀਣ ਵਾਲਾ ਪਾਣੀ, ਸੜਕਾਂ, ਹਰੇਕ ਘਰ ਵਿੱਚ ਪਖਾਨੇ, ਪੰਜ ਲੱਖ ਤੱਕ ਦਾ ਸਿਹਤ ਬੀਮਾ, ਪੰਜ ਕਿੱਲੋ ਮੁਫ਼ਤ ਚੌਲ ਅਤੇ ਤੁਹਾਡੇ ਝੋਨੇ ਨੂੰ 3100 ਰੁਪਏ (ਪ੍ਰਤੀ ਕੁਇੰਟਲ) ਤੱਕ ਪਹੁੰਚਾਉਣ ਦਾ ਪ੍ਰਬੰਧ ਹੋਇਆ ਹੈ ਪਰ ਬਸਤਰ ਇਸ ਵਿੱਚ ਪਿੱਛੇ ਰਹਿ ਗਿਆ ਹੈ।’’