ਲੱਦਾਖ ’ਚ ਹਾਲਾਤ ਸੁਖਾਵੇਂ ਹੋਣ ਤੱਕ ਵਾਰਤਾ ਨਹੀਂ
ਲੇਹ ਅਪੈਕਸ ਬਾਡੀ ਨੇ ਐਲਾਨ ਕੀਤਾ ਹੈ ਕਿ ਉਹ ਲੱਦਾਖ ’ਚ ਹਾਲਾਤ ਸੁਖਾਵੇਂ ਹੋਣ ਤੱਕ ਕੇਂਦਰੀ ਗ੍ਰਹਿ ਮੰਤਰਾਲੇ ਦੀ ਉੱਚ ਤਾਕਤੀ ਕਮੇਟੀ ਨਾਲ ਗੱਲਬਾਤ ’ਚ ਸ਼ਾਮਲ ਨਹੀਂ ਹੋਵੇਗੀ। ਉਧਰ ਕਾਰਗਿਲ ਡੈਮੋਕਰੈਟਿਕ ਅਲਾਇੰਸ (ਕੇ ਡੀ ਏ) ਨੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਕੇ ਡੀ ਏ ਦੇ ਮੈਂਬਰ ਸੱਜਾਦ ਕਾਰਗਿਲੀ ਨੇ ਵਾਂਗਚੁਕ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦਿਆਂ ਕੇਂਦਰ ਨੂੰ ਚਿਤਾਵਨੀ ਦਿੱਤੀ ਕਿ ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ਅਤੇ ਹੋਰ ਮੰਗਾਂ ਨਾ ਮੰਨੇ ਜਾਣ ’ਚ ਉਸ ਦੀ ਨਾਕਾਮੀ ਹਿਮਾਲਿਅਨ ਖ਼ਿੱਤੇ ਦੇ ਲੋਕਾਂ ਨੂੰ ਅਲੱਗ-ਥਲੱਗ ਕਰ ਰਹੀ ਹੈ। ਲੇਹ ਅਪੈਕਸ ਬਾਡੀ ਦੇ ਚੇਅਰਮੈਨ ਥਪਸਤਾਨ ਚੇਵਾਂਗ ਨੇ ਪਿਛਲੇ ਹਫ਼ਤੇ ਸੁਰੱਖਿਆ ਬਲਾਂ ਨਾਲ ਝੜਪ ਦੌਰਾਨ ਮਾਰੇ ਗਏ ਸਾਬਕਾ ਫ਼ੌਜੀ ਦੇ ਸਸਕਾਰ ਮੌਕੇ ਅੱਜ ਇਹ ਐਲਾਨ ਕੀਤਾ। ਲੇਹ ’ਚ ਅੱਜ ਕਰਫਿਊ ’ਚ ਦੋ ਘੰਟਿਆਂ ਦੀ ਢਿੱਲ ਦਿੱਤੀ ਗਈ ਅਤੇ ਕਿਸੇ ਵੀ ਥਾਂ ’ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਸਾਬਕਾ ਸੰਸਦ ਮੈਂਬਰ ਚੇਵਾਂਗ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਅਸੀਂ ਗ੍ਰਹਿ ਮੰਤਰਾਲੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਉਹ ਖ਼ਿੱਤੇ ’ਚ ਡਰ, ਦੁੱਖ ਅਤੇ ਗੁੱਸੇ ਦੇ ਮਾਹੌਲ ਨੂੰ ਸ਼ਾਂਤ ਕਰਨ ਲਈ ਕਦਮ ਚੁੱਕੇ। ਕਰੀਬ 70 ਸਾਲਾਂ ਦੇ ਲੰਬੇ ਸੰਘਰਸ਼ ਮਗਰੋਂ ਕੇਂਦਰ ਨੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਸੀ ਪਰ ਇਹ ਸਾਡੀਆਂ ਉਮੀਦਾਂ ਮੁਤਾਬਕ ਨਹੀਂ ਸੀ। ਧਾਰਾ 370 ਅਤੇ ਧਾਰਾ 35ਏ ਤਹਿਤ ਦਿੱਤੀ ਗਈ ਸੁਰੱਖਿਆ ਲੋਕਤੰਤਰ ਦੇ ਨਾਲ ਹੀ ਖ਼ਤਮ ਹੋ ਗਈ ਜਿਸ ਕਾਰਨ ਸਾਨੂੰ ਆਪਣੀਆਂ ਜਾਇਜ਼ ਮੰਗਾਂ ਲਈ ਅੰਦੋਲਨ ਕਰਨਾ ਪਿਆ।’’ ਉਨ੍ਹਾਂ ਕਿਹਾ ਕਿ 24 ਸਤੰਬਰ ਨੂੰ ਵਾਪਰਿਆ ਘਟਨਾਕ੍ਰਮ ਸਮਝ ਤੋਂ ਪਰ੍ਹੇ ਹੈ ਅਤੇ ਸੀ ਆਰ ਪੀ ਐੱਫ ਨੇ ਬਦਮਾਸ਼ਾਂ ਵਰਗਾ ਰਵੱਈਆ ਅਪਣਾ ਕੇ ਸਾਡੇ ਲੋਕਾਂ ਨੂੰ ਜਾਨੋਂ ਮਾਰਿਆ ਅਤੇ ਕੁੱਟਿਆ।
ਸਰਕਾਰ ਲੱਦਾਖ ਬਾਰੇ ਐੱਲ ਏ ਬੀ ਅਤੇ ਕੇ ਡੀ ਏ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ: ਗ੍ਰਹਿ ਮੰਤਰਾਲਾਨਵੀਂ ਦਿੱਲੀ: ਕੇਂਦਰ ਨੇ ਕਿਹਾ ਕਿ ਉਹ ਲੇਹ ਅਪੈਕਸ ਬਾਡੀ (ਐੱਲ ਏ ਬੀ) ਅਤੇ ਕਾਰਗਿਲ ਡੈਮੋਕਰੈਟਿਕ ਅਲਾਇੰਸ (ਕੇ ਡੀ ਏ) ਨਾਲ ਲੱਦਾਖ ਦੇ ਮੁੱਦਿਆਂ ’ਤੇ ਕਿਸੇ ਵੀ ਸਮੇਂ ਗੱਲਬਾਤ ਲਈ ਤਿਆਰ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਲਗਾਤਾਰ ਵਾਰਤਾ ਨਾਲ ਨੇੜ ਭਵਿੱਖ ’ਚ ਲੋੜੀਂਦੇ ਸਿੱਟੇ ਨਿਕਲ ਸਕਦੇ ਹਨ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਐੱਲ ਏ ਬੀ ਨੇ ਕੇਂਦਰ ਨਾਲ ਗੱਲਬਾਤ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਹੈ। ਬਿਆਨ ’ਚ ਕਿਹਾ ਗਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ’ਚ ਪਹਿਲਾਂ ਹੀ 1800 ਅਹੁਦਿਆਂ ’ਤੇ ਭਰਤੀ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ। -ਪੀਟੀਆਈਕਾਰਗਿਲ ਜੰਗ ਲੜਨ ਵਾਲੇ ਦੀ ਹੱਤਿਆ ਦੁਖਦਾਈ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਕਿ ਕਾਰਗਿਲ ਦੀ ਜੰਗ ਲੜਨ ਵਾਲੇ ਸਾਬਕਾ ਫ਼ੌਜੀ ਸੇਵਾਂਗ ਥਾਰਚਿਨ ਦੇ ਲੱਦਾਖ ’ਚ ਝੜਪਾਂ ਦੌਰਾਨ ਮਾਰਿਆ ਜਾਣਾ ਦੁੱਖਦਾਈ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਥਾਰਚਿਨ ਸਿਆਚਿਨ ਗਲੇਸ਼ੀਅਰ ’ਚ ਤਾਇਨਾਤ ਸਨ ਅਤੇ 1999 ਦੀ ਕਾਰਗਿਲ ਜੰਗ ਉਹ ਬਹਾਦਰੀ ਨਾਲ ਲੜੇ ਸਨ। ਉਨ੍ਹਾਂ ਦੇ ਪਿਤਾ ਵੀ ਭਾਰਤੀ ਫ਼ੌਜ ’ਚ ਸਨ। ਪਿਛਲੇ ਹਫ਼ਤੇ ਅੰਦੋਲਨਕਾਰੀਆਂ ’ਤੇ ਗੋਲੀਬਾਰੀ ’ਚ ਥਾਰਚਿਨ ਸਮੇਤ ਚਾਰ ਵਿਅਕਤੀ ਮਾਰੇ ਗਏ ਸਨ। -ਪੀਟੀਆਈ