ਐੱਸ ਸੀ ਐੱਲ ਮੁਹਾਲੀ ਦਾ 4500 ਕਰੋੜ ਨਾਲ ਹੋਵੇਗਾ ਵਿਸਤਾਰ
ਸ੍ਰੀ ਵੈਸ਼ਨਵ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੈਮੀ ਕੰਡਕਟਰ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਵਿਦੇਸ਼ਾਂ ਵਿੱਚ ਆਈ ਸੀ ਚਿੱਪ ਦੀ ਬਰਾਮਦ ਦੇ ਮਕਸਦ ਨਾਲ ਐੱਸ ਸੀ ਐੱਲ ਨੂੰ ਅਪਗ੍ਰੇਡ ਕਰਨ ਲਈ 4,500 ਕਰੋੜ ਰੁਪਏ ਖਰਚੇ ਜਾ ਰਹੇ ਹਨ, ਜਿਸ ਨਾਲ ਭਾਰਤ ਦੇ ਵਿਕਾਸ ਅਤੇ ਖੋਜ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।
ਐੱਸ ਸੀ ਐੱਲ ਨੂੰ 25 ਏਕੜ ਥਾਂ ਦੀ ਲੋੜ ਹੈ ਅਤੇ ਕੇਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਤੋਂ ਇਸ ਵਾਸਤੇ ਜ਼ਮੀਨ ਦੀ ਮੰਗ ਵੀ ਕੀਤੀ ਗਈ ਹੈ ਤਾਂ ਕਿ ਇੱਥੇ ਵਿਸ਼ਵ ਪੱਧਰੀ ਲੈਬਾਰਟਰੀ ਬਣ ਸਕੇ। ਉਨ੍ਹਾਂ ਇੱਥੇ ਵਧੀਆ ਈਕੋ ਸਿਸਟਮ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਫੈਕਟਰੀ ਵਿੱਚ ਰਾਸ਼ਟਰਪਤੀ ਅਬਦੁਲ ਕਲਾਮ ਅਤੇ ਹੋਮੀ ਭਾਭਾ ਨੂੰ ਸਮਰਪਿਤ ਸਿਖਲਾਈ ਬਲਾਕ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਨੋਬੇਲ ਜੇਤੂ ਵਿਗਿਆਨੀ ਰਮਨ ਦੇ ਨਾਂ ਤੇ ਸੀ ਵੀ ਰਮਨ ਸੈਮੀ ਕੰਡਕਟਰ ਪ੍ਰੋਸੈਸ ਗੈਲਰੀ ਦਾ ਵੀ ਉਦਘਾਟਨ ਕੀਤਾ ਤੇ ਉੱਥੇ ਮੌਜੂਦ ਅਤਿ-ਆਧੁਨਿਕ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸੈਮੀ ਕੰਡਕਟਰ ’ਚ ਵਧੀਆ ਕੰਮ ਕਰਨ ਵਾਲੇ ਕੁੱਝ ਵਿਗਿਆਨੀਆਂ ਨੂੰ ਸਨਮਾਨਿਤ ਵੀ ਕੀਤਾ। ਸੈਮੀ ਕੰਡਕਟਰ ਲਿਮਟਿਡ ਦੇ ਡਾਇਰੈਕਟਰ ਕਮਲਜੀਤ ਸਿੰਘ ਨੇ ਕੇਂਦਰੀ ਮੰਤਰੀ ਨੂੰ ਸੰਸਥਾ ਵਿਚ ਚੱਲਦੇ ਸਮੁੱਚੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਤੇ ਫੈਕਟਰੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।
ਆਲਮੀ ਪੱਧਰ ’ਤੇ ਮਾਡਲ ਬਣੇਗਾ ਚੰਡੀਗੜ੍ਹ ਰੇਲਵੇ ਸਟੇਸ਼ਨ
ਸ੍ਰੀ ਵੈਸ਼ਨਵ ਨੇ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 460 ਕਰੋੜ ਰੁਪਏ ਖਰਚ ਕੇ ਇਸ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਆਧੁਨਿਕੀਕਰਨ ਮਗਰੋਂ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਵਿਸ਼ਵ ਪੱਧਰ ’ਤੇ ਮਾਡਲ ਸਟੇਸ਼ਨ ਬਣ ਕੇ ਉੱਭਰੇਗਾ।
