ਧਨਖੜ ਨੂੰ ਕਿਸੇ ਨੇ ਘਰ ’ਚ ਨਜ਼ਰਬੰਦ ਨਹੀਂ ਕੀਤਾ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਨੇ ਖ਼ਬਰ ਏਐੱਨਆਈ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘‘ਧਨਖੜ ਸਾਹਿਬ ਦਾ ਅਸਤੀਫ਼ਾ ਪੱਤਰ ਆਪਣੇ ਆਪ ਵਿੱਚ ਸਪੱਸ਼ਟ ਹੈ। ਉਨ੍ਹਾਂ ਨੇ ਆਪਣੇ ਅਸਤੀਫ਼ੇ ਲਈ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਅਤੇ ਸਰਕਾਰੀ ਮੈਂਬਰਾਂ ਦਾ ਉਨ੍ਹਾਂ ਦੇ ਚੰਗੇ ਕਾਰਜਕਾਲ ਲਈ ਦਿਲੋਂ ਧੰਨਵਾਦ ਵੀ ਕੀਤਾ ਹੈ।’’ ਧਨਖੜ ਨੂੰ ‘ਘਰ ਵਿੱਚ ਨਜ਼ਰਬੰਦ’ ਕੀਤੇ ਜਾਣ, ਜਿਵੇਂ ਕਿ ਕੁਝ ਵਿਰੋਧੀ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਹੈ, ਬਾਰੇ ਪੁੱਛੇ ਜਾਣ ’ਤੇ ਸ਼ਾਹ ਨੇ ਕਿਹਾ ਕਿ ਸੱਚ ਅਤੇ ਝੂਠ ਦੀ ਵਿਆਖਿਆ ਸਿਰਫ਼ ਵਿਰੋਧੀ ਧਿਰ ਦੇ ਬਿਆਨਾਂ ’ਤੇ ਨਿਰਭਰ ਨਹੀਂ ਹੋਣੀ ਚਾਹੀਦੀ। ਉਨ੍ਹਾਂ ਸਾਬਕਾ ਉਪ ਰਾਸ਼ਟਰਪਤੀ ਦੇ ਅਸਤੀਫ਼ੇ ਬਾਰੇ ਬੋਲੇੜਾ ਹੰਗਾਮਾ ਕਰਨ ਖਿਲਾਫ਼ ਚੇਤਾਵਨੀ ਦਿੱਤੀ।
ਸ਼ਾਹ ਨੇ ਕਿਹਾ, ‘‘ਇੰਝ ਲੱਗਦਾ ਹੈ ਕਿ ਸੱਚ ਅਤੇ ਝੂਠ ਦੀ ਤੁਹਾਡੀ ਵਿਆਖਿਆ ਵਿਰੋਧੀ ਧਿਰ ਦੇ ਕਹਿਣ ’ਤੇ ਅਧਾਰਤ ਹੈ। ਸਾਨੂੰ ਤਿੱਲ ਦਾ ਤਾੜ ਨਹੀਂ ਬਣਾਉਣਾ ਚਾਹੀਦਾ। ਧਨਖੜ ਇੱਕ ਸੰਵਿਧਾਨਕ ਅਹੁਦੇ ’ਤੇ ਸਨ ਅਤੇ ਉਨ੍ਹਾਂ ਨੇ ਸੰਵਿਧਾਨ ਅਨੁਸਾਰ ਆਪਣੀਆਂ ਡਿਊਟੀਆਂ ਨਿਭਾਈਆਂ। ਉਨ੍ਹਾਂ ਨੇ ਨਿੱਜੀ ਸਿਹਤ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ। ਇਸ ਮੁੱਦੇ ’ਤੇ ਜ਼ਿਆਦਾ ਚਰਚਾ ਨਹੀਂ ਹੋਣੀ ਚਾਹੀਦੀ।’’ ਕਾਬਿਲੇਗੌਰ ਹੈ ਕਿ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਧਨਖੜ ਨੂੰ ‘ਚੁੱਪ’ ਕਰਾ ਦਿੱਤਾ ਸੀ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਉਪ-ਰਾਸ਼ਟਰਪਤੀ ਨੂੰ ਉਨ੍ਹਾਂ ਦੇ ਅਸਤੀਫੇ ਦੇ ਨਾਲ ਹੀ ਚੁੱਪ ਕਰਵਾ ਦਿੱਤਾ ਗਿਆ ਹੋਵੇ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (ਐਲਓਪੀ) ਰਾਹੁਲ ਗਾਂਧੀ ਨੇ ਵੀ ਕੇਂਦਰ ਦੀ ਆਲੋਚਨਾ ਕੀਤੀ। ਉਨ੍ਹਾਂ ਧਨਖੜ ਦੇ ਟਿਕਾਣੇ ਬਾਰੇ ਸਵਾਲ ਉਠਾਏ ਅਤੇ ਸੱਤਾਧਾਰੀ ਭਾਜਪਾ ’ਤੇ ਦੇਸ਼ ਨੂੰ ‘ਮੱਧਯੁਗੀ ਸਮੇਂ’ ਵਿੱਚ ਵਾਪਸ ਲਿਜਾਣ ਦਾ ਦੋਸ਼ ਲਗਾਇਆ। ਗਾਂਧੀ ਨੇ 20 ਅਗਸਤ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਅਸੀਂ ਮੱਧਯੁਗੀ ਸਮੇਂ ਵਿੱਚ ਵਾਪਸ ਜਾ ਰਹੇ ਹਾਂ ਜਦੋਂ ਰਾਜਾ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਹਟਾ ਸਕਦਾ ਸੀ। ਇੱਕ ਚੁਣਿਆ ਹੋਇਆ ਵਿਅਕਤੀ ਕੀ ਹੁੰਦਾ ਹੈ ਇਸ ਦਾ ਕੋਈ ਸੰਕਲਪ ਨਹੀਂ ਹੈ। ਉਸ ਨੂੰ ਤੁਹਾਡਾ ਚਿਹਰਾ ਪਸੰਦ ਨਹੀਂ ਹੈ, ਇਸ ਲਈ ਉਹ ਈਡੀ ਨੂੰ ਕੇਸ ਪਾਉਣ ਲਈ ਕਹਿੰਦਾ ਹੈ, ਅਤੇ ਫਿਰ ਇੱਕ ਜਮਹੂਰੀ ਤਰੀਕੇ ਨਾਲ ਚੁਣੇ ਹੋਏ ਵਿਅਕਤੀ ਨੂੰ 30 ਦਿਨਾਂ ਦੇ ਅੰਦਰ ਮਿਟਾ ਦਿੱਤਾ ਜਾਂਦਾ ਹੈ। ਨਾਲ ਹੀ, ਇਹ ਨਾ ਭੁੱਲੋ ਕਿ ਅਸੀਂ ਇੱਕ ਨਵਾਂ ਉਪ ਰਾਸ਼ਟਰਪਤੀ ਕਿਉਂ ਚੁਣ ਰਹੇ ਹਾਂ। ਕੱਲ੍ਹ ਹੀ ਮੈਂ ਕਿਸੇ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਮੈਂ ਕਿਹਾ, ਤੁਹਾਨੂੰ ਪਤਾ ਹੈ, ਪੁਰਾਣਾ ਉਪ ਰਾਸ਼ਟਰਪਤੀ ਕਿੱਥੇ ਗਿਆ ਹੈ? ਉਹ ਚਲਾ ਗਿਆ ਹੈ।’’
ਸੁਪਰੀਮ ਕੋਰਟ ਦੇ ਵਕੀਲ ਅਤੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਵੀ ਇਹ ਸਵਾਲ ਉਠਾਇਆ ਕਿ ਕੀ ਧਨਖੜ ਦੀ ਜਨਤਕ ਤੌਰ ’ਤੇ ਗੈਰਹਾਜ਼ਰੀ ਨੂੰ ਦੇਖਦੇ ਹੋਏ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਭਾਜਪਾ ਨੇ ਕਿਹਾ ਹੈ ਕਿ ਧਨਖੜ ਨੇ ਸਿਹਤ ਕਾਰਨਾਂ ਕਰਕੇ ਅਸਤੀਫਾ ਦਿੱਤਾ ਸੀ ਅਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੇ ਮਤਭੇਦ ਦੇ ਸੁਝਾਵਾਂ ਨੂੰ ਖਾਰਜ ਕਰ ਦਿੱਤਾ ਹੈ। ਜਗਦੀਪ ਧਨਖੜ ਨੇ 21 ਜੁਲਾਈ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਇਹ ਕਹਿੰਦੇ ਹੋਏ ਅਸਤੀਫਾ ਦੇ ਦਿੱਤਾ ਕਿ ਉਹ ‘ਸਿਹਤ ਸੰਭਾਲ ਨੂੰ ਤਰਜੀਹ ਦੇਣਾ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਨਾ ਚਾਹੁੰਦੇ ਹਨ।’ ਉਨ੍ਹਾਂ ਆਪਣਾ ਅਸਤੀਫ਼ਾ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੌਂਪਿਆ ਸੀ।