ਉੜੀਸਾ ਮਾਮਲੇ ’ਚ ਨਵਾਂ ਮੋੜ: ਨਾਬਾਲਗ ਦੇ ਪਿਤਾ ਦਾ ਦਾਅਵਾ...ਮੇਰੀ ਧੀ ਨੇ ਮਾਨਸਿਕ ਪ੍ਰੇਸ਼ਾਨ ਹੋਣ ਕਰਕੇ ਖ਼ੁਦਕੁਸ਼ੀ ਕੀਤੀ
ਉੜੀਸਾ ਪੁਲੀਸ ਨੇ ਦਾਅਵਾ ਕੀਤਾ ਹੈ ਕਿ 15 ਸਾਲਾ ਲੜਕੀ ਦੇ ਅੱਗ ਨਾਲ ਝੁਲਸਣ, ਜਿਸ ਨੇ ਮਗਰੋਂ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ ਸੀ, ਦੇ ਮਾਮਲੇ ਵਿਚ ਕੋਈ ਵੀ ਵਿਅਕਤੀ ਸ਼ਾਮਲ ਨਹੀਂ ਸੀ। ਹਾਲਾਂਕਿ ਪੀੜਤਾ ਦੀ ਮਾਂ ਦਾ ਦਾਅਵਾ ਹੈ ਕਿ ਤਿੰਨ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਉਸ ਦੀ ਧੀ ਨੂੰ ਅੱਗ ਲਾਈ ਸੀ। ਪੀੜਤ ਲੜਕੀ ਪੁਰੀ ਜ਼ਿਲ੍ਹੇ ਦੇ ਬਲੰਗਾ ਇਲਾਕੇ ਵਿੱਚ 19 ਜੁਲਾਈ ਨੂੰ ਆਪਣੇ ਘਰ ਨੇੜੇ ਵਾਪਰੀ ਇਸ ਘਟਨਾ ਵਿੱਚ ਝੁਲਸਣ ਤੋਂ ਬਾਅਦ ਏਮਜ਼-ਦਿੱਲੀ ਵਿੱਚ ਇਲਾਜ ਅਧੀਨ ਸੀ ਤੇ ਸ਼ਨਿੱਚਰਵਾਰ ਨੂੰ ਉਸ ਦੀ ਮੌਤ ਹੋ ਗਈ। ਉਸ ਨੂੰ ਬਿਹਤਰ ਇਲਾਜ ਲਈ ਭੁਬਨੇਸ਼ਵਰ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਸੀ। ਹਾਲਾਂਕਿ ਪੁਲੀਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਲੜਕੀ ਨੂੰ ਅੱਗ ਕਿਵੇਂ ਲੱਗੀ। ਉਧਰ ਨਾਬਾਲਗ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਸ ਦੀ ਧੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਜਿਸ ਕਰਕੇ ਉਸ ਨੇ ਇਹ ਸਿਰੇ ਦਾ ਕਦਮ ਚੁੱਕਿਆ। ਨਾਬਾਲਗ ਦੇ ਪਿਤਾ ਨੇ ਇੱਕ ਵੀਡੀਓ ਵਿੱਚ ਕਿਹਾ , "ਮੈਂ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਨੇ ਮੇਰੀ ਧੀ ਲਈ ਜੋ ਵੀ ਸੰਭਵ ਹੋ ਸਕਿਆ ਕੀਤਾ ਹੈ। ਮੇਰੀ ਧੀ ਹੁਣ ਨਹੀਂ ਰਹੀ। ਮੇਰੀ ਧੀ ਨੇ ਮਾਨਸਿਕ ਦਬਾਅ ਹੇਠ ਆ ਕੇ ਆਪਣੀ ਜਾਨ ਲੈ ਲਈ। ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਦਾ ਸਿਆਸੀਕਰਨ ਨਾ ਕੀਤਾ ਜਾਵੇ ਅਤੇ ਉਸ ਦੀ ਆਤਮਾ ਲਈ ਪ੍ਰਾਰਥਨਾ ਕੀਤੀ ਜਾਵੇ।"
ਉੜੀਸਾ ਪੁਲੀਸ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਬਲੰਗਾ ਘਟਨਾ ਵਿੱਚ ਪੀੜਤ ਲੜਕੀ ਦੀ ਮੌਤ ਦੀ ਖ਼ਬਰ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਹੈ। ਪੁਲੀਸ ਨੇ ਪੂਰੀ ਇਮਾਨਦਾਰੀ ਨਾਲ ਜਾਂਚ ਕੀਤੀ ਹੈ। ਜਾਂਚ ਆਪਣੇ ਅੰਤਿਮ ਪੜਾਅ ’ਤੇ ਪਹੁੰਚ ਗਈ ਹੈ। ਹੁਣ ਤੱਕ ਕੀਤੀ ਜਾਂਚ ਅਨੁਸਾਰ, ਇਹ ਸਪੱਸ਼ਟ ਹੈ ਕਿ ਕੋਈ ਹੋਰ ਵਿਅਕਤੀ ਸ਼ਾਮਲ ਨਹੀਂ ਹੈ। ਇਸ ਲਈ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੁਖਦਾਈ ਪਲ ਦੌਰਾਨ ਇਸ ਮਾਮਲੇ ਬਾਰੇ ਕੋਈ ਸੰਵੇਦਨਸ਼ੀਲ ਟਿੱਪਣੀ ਨਾ ਕੀਤੀ ਜਾਵੇ।’’
ਲੜਕੀ ਦੀ ਮਾਂ ਨੇ 19 ਜੁਲਾਈ ਨੂੰ ਬਲੰਗਾ ਪੁਲੀਸ ਸਟੇਸ਼ਨ ਵਿੱਚ ਦਰਜ ਆਪਣੀ ਐੱਫਆਈਆਰ ਵਿੱਚ ਦੋਸ਼ ਲਗਾਇਆ ਸੀ ਕਿ ਉਸ ਦੀ ਧੀ ਨੂੰ ਤਿੰਨ ਲੋਕਾਂ ਨੇ ਅਗਵਾ ਕੀਤਾ ਸੀ ਜਿਨ੍ਹਾਂ ਨੇ ਉਸ ’ਤੇ ਜਲਣਸ਼ੀਲ ਪਦਾਰਥ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਸੀ। ਕੇਸ ਦਰਜ ਹੋਣ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ। ਸਬੂਤ ਇਕੱਠੇ ਕਰਨ ਲਈ ਵਿਗਿਆਨਕ ਟੀਮਾਂ ਅਤੇ ਕੁੱਤਿਆਂ ਦੇ ਦਸਤੇ ਤਾਇਨਾਤ ਕੀਤੇ ਗਏ ਸਨ। ਪੁਲੀਸ ਅਨੁਸਾਰ, ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।