ਭਾਸ਼ਾ ਜਾਂ ਫਿਰਕਾ ਕੁਝ ਵੀ ਹੋਵੇ ਪਰ ਅਸੀਂ ਸਾਰੇ ਹਿੰਦੂ ਹਾਂ: ਭਾਗਵਤ
ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਭਾਵੇਂ ਕੋਈ ਖੁਦ ਨੂੰ ਕਿਸੇ ਵੀ ਭਾਸ਼ਾ ਜਾਂ ਫਿਰਕੇ ਦਾ ਮੰਨੇ ਪਰ ਸੱਚਾਈ ਇਹ ਹੈ ਕਿ ‘ਅਸੀਂ ਸਾਰੇ ਇੱਕ ਹਾਂ, ਅਸੀਂ ਸਾਰੇ ਹਿੰਦੂ ਹਾਂ।’ ਭਾਗਵਤ ਨੇ ਇੱਥੇ ਸਿੰਧੀ ਕੈਂਪ ਸਥਿਤ ਗੁਰਦੁਆਰੇ ਦਾ ਉਦਘਾਟਨ ਕਰਨ ਮਗਰੋਂ ਸਥਾਨਕ ਬੀਟੀਆਈ ਮੈਦਾਨ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇਸ ਮੌਕੇ ਉਨ੍ਹਾਂ ਅਖੰਡ ਭਾਰਤ ਦੀ ਧਾਰਨਾ ਦਾ ਜ਼ਿਕਰ ਕਰਦਿਆਂ ਕਿਹਾ, ‘ਜੋ ਵਿਅਕਤੀ ਆਪਣਾ ਘਰ ਤੇ ਮਕਾਨ ਉੱਥੇ ਛੱਡ ਕੇ ਆਏ ਹਨ, ਭਲਕੇ ਵਾਪਸ ਲੈ ਕੇ ਮੁੜ ਤੋਂ ਡੇਰਾ ਲਾਉਣਾ ਹੈ।’ ਉਨ੍ਹਾਂ ਕਿਹਾ, ‘ਅੱਜ ਸਾਡੀ ਹਾਲਤ ਅਜਿਹੀ ਹੈ ਕਿ ਅਸੀਂ ਇੱਕ ਟੁੱਟਿਆ ਹੋਇਆ ਸ਼ੀਸ਼ਾ ਦੇਖ ਕੇ ਆਪਣੇ ਆਪ ਨੂੰ ਵੱਖ ਮੰਨ ਰਹੇ ਹਾਂ। ਏਕਾ ਚਾਹੀਦਾ ਹੈ...ਝਗੜਾ ਕਿਉਂ ਹੈ? ਭਾਵੇਂ ਅਸੀਂ ਆਪਣੇ ਆਪ ਨੂੰ ਕਿਸੇ ਵੀ ਭਾਸ਼ਾ ਜਾਂ ਫਿਰਕੇ ਦਾ ਕਹੀਏ ਪਰ ਸੱਚ ਇਹ ਹੈ ਕਿ ਅਸੀਂ ਸਾਰੇ ਇੱਕ ਹਾਂ। ਅਸੀਂ ਸਾਰੇ ਲੋਕ ਹਿੰਦੂ ਹਾਂ।’ ਉਨ੍ਹਾਂ ਕਿਹਾ ਕਿ ਇੱਕ ਚਲਾਕ ਅੰਗਰੇਜ਼ ਇੱਥੇ ਆਇਆ, ਸਾਡੇ ਨਾਲ ਲੜਾਈ ਕੀਤੀ, ਸਾਨੂੰ ਹਰਾ ਕੇ ਸਾਡੇ ’ਤੇ ਰਾਜ ਕੀਤਾ। ਉਨ੍ਹਾਂ ਕਿਹਾ, ‘ਉਸ ਨੇ ਸਾਡੇ ਹੱਥੋਂ ਅਧਿਆਤਮਿਕਤਾ ਦਾ ਸ਼ੀਸ਼ਾ ਖੋਹ ਲਿਆ ਤੇ ਉਸ ਦੀ ਥਾਂ ਭੌਤਿਕਵਾਦ ਦਾ ਟੁੱਟਾ ਹੋਇਆ ਸ਼ੀਸ਼ਾ ਫੜਾ ਦਿੱਤਾ। ਉਦੋਂ ਤੋਂ ਅਸੀਂ ਖੁਦ ਨੂੰ ਵੱਖ ਵੱਖ ਮੰਨਣ ਲੱਗੇ ਅਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਲੜਨ ਲੱਗੇ।’