ਨਿਤੀਸ਼ ਕੁਮਾਰ ਦਾ ਵੱਡਾ ਐਕਸ਼ਨ; ਮੌਜੂਦਾ ਵਿਧਾਇਕ ਸਣੇ 16 ਜੇਡੀਯੂ ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ !
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਜਨਤਾ ਦਲ (ਯੂਨਾਈਟਿਡ) ਨੇ ਆਪਣੇ ਬਾਗ਼ੀ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਚਲਦਿਆਂ ਨਿਤੀਸ਼ ਕੁਮਾਰ ਦੀ ਪਾਰਟੀ ਨੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਨ੍ਹਾਂ ਵਿੱਚ ਇੱਕ ਮੌਜੂਦਾ ਵਿਧਾਇਕ, ਇੱਕ ਸਾਬਕਾ ਮੰਤਰੀ ਅਤੇ 16 ਆਗੂਆਂ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ।
ਇਨ੍ਹਾਂ ਬਰਖਾਸਤਗੀਆਂ ਦਾ ਐਲਾਨ ਦੋ ਵੱਖ-ਵੱਖ ਪੱਤਰਾਂ ਵਿੱਚ ਕੀਤਾ ਗਿਆ ਹੈ, ਇੱਕ ਸ਼ਨੀਵਾਰ ਦੇਰ ਰਾਤ ਅਤੇ ਦੂਜਾ ਐਤਵਾਰ ਨੂੰ, ਜਿਸ ਵਿੱਚ ਬਾਗ਼ੀ ਆਗੂਆਂ ’ਤੇ ‘ਪਾਰਟੀ ਵਿਰੋਧੀ ਗਤੀਵਿਧੀਆਂ’ ਅਤੇ ਜਨਤਾ ਦਲ (ਯੂ) ਦੀ ਵਿਚਾਰਧਾਰਾ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ।
ਕੱਢੇ ਗਏ ਲੋਕਾਂ ਵਿੱਚ ਭਾਗਲਪੁਰ ਜ਼ਿਲ੍ਹੇ ਦੇ ਗੋਪਾਲਪੁਰ ਤੋਂ ਮੌਜੂਦਾ ਵਿਧਾਇਕ ਨਰਿੰਦਰ ਨੀਰਜ ਉਰਫ਼ ਗੋਪਾਲ ਮੰਡਲ ਵੀ ਸ਼ਾਮਲ ਹੈ, ਜੋ ਜ਼ਿਆਦਾਤਰ ਗਲਤ ਕਾਰਨਾਂ ਕਰਕੇ ਖ਼ਬਰਾਂ ਵਿੱਚ ਰਹਿੰਦਾ ਹੈ। ਮੰਡਲ ਨੇ ਹਾਲ ਹੀ ਵਿੱਚ ਪਟਨਾ ਵਿੱਚ ਮੁੱਖ ਮੰਤਰੀ ਦੇ ਨਿਵਾਸ ਦੇ ਸਾਹਮਣੇ ਧਰਨਾ ਦਿੱਤਾ ਸੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਾਰਟੀ ਉਨ੍ਹਾਂ ਨੂੰ ਉਮੀਦਵਾਰਾਂ ਦੀ ਸੂਚੀ ਵਿੱਚੋਂ ਬਾਹਰ ਕਰਨ ਜਾ ਰਹੀ ਹੈ।
ਮੰਡਲ ਤੋਂ ਇਲਾਵਾ ਸੰਜੀਵ ਸ਼ਿਆਮ ਸਿੰਘ, ਸਾਬਕਾ ਮੰਤਰੀ ਹਿਮਰਾਜ ਸਿੰਘ, ਸਾਬਕਾ ਵਿਧਾਇਕ ਮਹੇਸ਼ਵਰ ਪ੍ਰਸਾਦ ਯਾਦਵ, ਪ੍ਰਭਾਤ ਕਿਰਨ ਗ੍ਰੀਨਹੋਰਨ ਕੋਮਲ ਸਿੰਘ ਆਦਿ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਪਾਰਟੀ ਨੇ 11 ਆਗੂਆਂ ਨੂੰ ਕੱਢ ਦਿੱਤਾ ਸੀ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਸ਼ੈਲੇਸ਼ ਕੁਮਾਰ ਵੀ ਸ਼ਾਮਲ ਸੀ।
