ਸ਼ਾਹ ਨੂੰ ਮਿਲਣ ਲਈ ਹੋਟਲ ਪੁੱਜੇ ਨਿਤੀਸ਼ ਕੁਮਾਰ
ਜਨਤਾ ਦਲ (ਯੂ) ਦੇ ਸੁਪਰੀਮੋ ਵੱਲੋਂ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਾਹ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਨ ਦੀਆਂ ਤਸਵੀਰਾਂ ਦੋਵਾਂ ਨੇਤਾਵਾਂ ਨੇ ਆਪੋ-ਆਪਣੇ ਐਕਸ ਹੈਂਡਲ ’ਤੇ ਸਾਂਝੀਆਂ ਕੀਤੀਆਂ।
ਦੋਵਾਂ ਪਾਰਟੀਆਂ ਦੇ ਸੂਤਰਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੋਲਦਿਆਂ ਦੱਸਿਆ ਕਿ ਇਹ ‘ਇੱਕ ਰਸਮੀ ਮੁਲਾਕਾਤ’ ਸੀ।
ਹਾਲਾਂਕਿ ਉਨ੍ਹਾਂ ਜ਼ਿਕਰ ਕੀਤਾ ਕਿ 75 ਸਾਲਾ ਨਿਤੀਸ਼ ਕੁਮਾਰ ਦੇ ਇਹ ਕਦਮ ਮੀਡੀਆ ਦੇ ਇੱਕ ਹਿੱਸੇ ਵਿੱਚ ਜਾਰੀ ਉਨ੍ਹਾਂ ਕਿਆਸਅਰਾਈਆਂ ’ਤੇ ਵਿਰਾਮ ਲਗਾਵੇਗਾ, ਜਿਨ੍ਹਾਂ ’ਚ ਕਿਹਾ ਜਾ ਰਿਹਾ ਸੀ ਕਿ ਨਿਤੀਸ਼ ਕੁਮਾਰ ਨੇ ਪਿਛਲੇ ਹਫ਼ਤੇ ਸ਼ਹਿਰ ’ਚ ਆਏ ਕੇਂਦਰੀ ਮੰਤਰੀ ਅਤੇ ਭਾਜਪਾ ਮੁਖੀ ਜਗਤ ਪ੍ਰਕਾਸ਼ ਨੱਡਾ ਨੂੰ ਮਿਲਣ ਤੋਂ ‘ਇਨਕਾਰ’ ਕਰ ਦਿੱਤਾ ਹੈ।
ਸੂਬੇ ਵਿੱਚ ਚੋਣਾਂ ਦਾ ਐਲਾਨ ਕੁਝ ਹਫ਼ਤਿਆਂ ਵਿੱਚ ਹੋਣ ਦੀ ਸੰਭਾਵਨਾ ਹੈ ਅਤੇ ਸੂਬੇ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹੇ ਨਿਤੀਸ਼ ਕੁਮਾਰ, ਲਗਾਤਾਰ ਪੰਜਵੀਂ ਵਾਰ ਅਹੁਦੇ ’ਤੇ ਕਾਬਜ਼ ਹੋਣ ਦਾ ਟੀਚਾ ਰੱਖ ਰਹੇ ਹਨ।
ਨਿਤੀਸ਼ ਕੁਮਾਰ ਦੀ ਅਮਿਤ ਸ਼ਾਹ ਨਾਲ ਮੁਲਾਕਾਤ, ਜੋ ਕਿ ਭਾਜਪਾ ਵਿੱਚ ਦੂਜੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹਨ ਅਤੇ ਅਜੇ ਵੀ ਪਾਰਟੀ ਦੇ ਮੁੱਖ ਰਣਨੀਤੀਕਾਰ ਮੰਨੇ ਜਾਂਦੇ ਹਨ, ਸਿਰਫ਼ ਤਿੰਨ ਦਿਨ ਬਾਅਦ ਹੋਈ, ਜਦੋਂ ਜਨਤਾ ਦਲ (ਯੂ) ਦੇ ਪ੍ਰਧਾਨ ਨੇ ਪੂਰਨੀਆ ਜ਼ਿਲ੍ਹੇ ਵਿੱਚ ਇੱਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸਾ ਦਿੱਤਾ ਸੀ ਕਿ ਉਹ ਹਮੇਸ਼ਾ ਲਈ ਐੱਨਡੀਏ ਵਿੱਚ ਵਾਪਸ ਆ ਗਏ ਹਨ। ਉਨ੍ਹਾਂ ਕਾਂਗਰਸ-ਆਰਜੇਡੀ ਗੱਠਜੋੜ ਨਾਲ ਆਪਣੇ ਪੁਰਾਣੇ ਸਬੰਧਾਂ ਲਈ ਜਨਤਾ ਦਲ (ਯੂ) ਦੇ ਸਾਥੀਆਂ ਦੀ ਸਲਾਹ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਇਸ ਦੌਰਾਨ ਗੱਠਜੋੜ ਭਾਈਵਾਲ ਨਾਲ ਗੱਲਬਾਤ ਤੋਂ ਥੋੜੀ ਦੇਰ ਮਗਰੋਂ ਸ਼ਾਹ ਮਗਧ-ਸ਼ਾਹਾਬਾਦ ਖੇਤਰ ਦੇ 10 ਜ਼ਿਲ੍ਹਿਆਂ ਦੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਨਾਲ ਗੱਲਬਾਤ ਕਰਨ ਲਈ ਡੇਹਰੀ-ਆਨ-ਸੋਨ ਲਈ ਰਵਾਨਾ ਹੋ ਗਏ।
ਸ਼ਾਹ ਤੋਂ ਇਸ ਦੌਰੇ ਨੂੰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੇ ਲੋਕ ਸਭਾ ਹਲਕੇ ਬੇਗੂਸਰਾਏ ਦੇ ਦੌਰੇ ਨਾਲ ਸਮਾਪਤ ਕਰਨ ਦੀ ਉਮੀਦ ਸੀ, ਜਿੱਥੇ ਉਹ ਮੁੰਗੇਰ ਅਤੇ ਪਟਨਾ ਡਿਵੀਜ਼ਨਾਂ ਦੇ ਪਾਰਟੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ।