ਨਿਤੀਸ਼ ਕਟਾਰਾ ਕਤਲ ਕੇਸ: ਸੁਪਰੀਮ ਕੋਰਟ ਨੇ ਵਿਕਾਸ ਯਾਦਵ ਦੀ ਅੰਤਰਿਮ ਜ਼ਮਾਨਤ ਚਾਰ ਹਫ਼ਤਿਆਂ ਲਈ ਵਧਾਈ
ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਯਾਦਵ ਨੂੰ ਮਾਮਲੇ ਵਿੱਚ ਰਾਹਤ ਦੀ ਮੰਗ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਹੈ। ਸਰਬਉੱਚ ਅਦਾਲਤ ਮੈਡੀਕਲ ਅਧਾਰ ’ਤੇ ਯਾਦਵ ਦੀ ਅੰਤਰਿਮ ਜ਼ਮਾਨਤ ਵਧਾਉਂਦੀ ਰਹੀ ਹੈ। ਸੁਪਰੀਮ ਕੋਰਟ ਨੇ 8 ਮਈ ਨੂੰ ਏਮਸ ਮੈਡੀਕਲ ਬੋਰਡ ਦੀ ਇਕ ਰਿਪੋਰਟ ’ਤੇ ਗੌਰ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਯਾਦਵ ਦੀ ਮਾਂ ਹੀਮੋਡਾਇਨਮਿਕ ਤੌਰ ’ਤੇ ਸਥਿਰ ਹੈ ਤੇ ਹਸਪਤਾਲ ਤੋਂ ਛੁੱਟੀ ਲਈ ਯੋਗ ਹੈ। ਇਸ ਮਗਰੋਂ ਸਿਖਰਲੀ ਅਦਾਲਤ ਨੇ ਵਿਕਾਸ ਯਾਦਵ ਨੂੰ ਆਪਣੀ ਮਾਂ ਦੀ ਦੇਖਭਾਲ ਲਈ ਦਿੱਤੀ ਗਈ ਅੰਤਰਿਮ ਜ਼ਮਾਨਤ ਵਧਾ ਦਿੱਤੀ। ਇਸ ਤੋਂ ਪਹਿਲਾਂ 24 ਅਪਰੈਲ ਨੂੰ ਸਿਖਰਲੀ ਅਦਾਲਤ ਨੇ ਯਾਦਵ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਅੰਤਰਿਮ ਜ਼ਮਾਨਤ ਦਿੱਤੀ ਅਤੇ ਨਿਰਦੇਸ਼ ਦਿੱਤਾ ਕਿ ਉਸ ਦੀ ਜਾਂਚ ਏਮਜ਼ ਦੇ ਡਾਕਟਰਾਂ ਦੇ ਮੈਡੀਕਲ ਬੋਰਡ ਵੱਲੋਂ ਕੀਤੀ ਜਾਵੇ।
ਸੁਪਰੀਮ ਕੋਰਟ ਨੇ ਵਿਕਾਸ ਯਾਦਵ ਨੂੰ ਗਾਜ਼ੀਆਬਾਦ ਸਥਿਤ ਆਪਣੇ ਘਰ ਤੱਕ ਸੀਮਤ ਰਹਿਣ ਅਤੇ ਕਟਾਰਾ ਦੀ ਮਾਂ ਨੀਲਮ ਕਟਾਰਾ ਸਮੇਤ ਕੇਸ ਦੇ ਗਵਾਹਾਂ ਨਾਲ ਸੰਪਰਕ ਨਾ ਕਰਨ ਦੇ ਹੁਕਮ ਦਿੱਤੇ ਸਨ। ਸੁਪਰੀਮ ਕੋਰਟ ਨੇ ਉਸ ਨੂੰ 1 ਲੱਖ ਰੁਪਏ ਦਾ ਜ਼ਮਾਨਤੀ ਬਾਂਡ ਅਤੇ ਇੰਨੀ ਹੀ ਰਕਮ ਦੀ ਜ਼ਾਮਨੀ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਸੀ। ਵਿਕਾਸ ਉੱਤਰ ਪ੍ਰਦੇਸ਼ ਦੇ ਸਿਆਸਤਦਾਨ ਡੀਪੀ ਯਾਦਵ ਦਾ ਪੁੱਤਰ ਹੈ। ਉਸ ਦੇ ਚਚੇਰੇ ਭਰਾ ਵਿਸ਼ਾਲ ਯਾਦਵ ਨੂੰ ਵੀ ਕਾਰੋਬਾਰੀ ਕਾਰਜਕਾਰੀ ਕਟਾਰਾ ਦੇ ਅਗਵਾ ਅਤੇ ਕਤਲ ਲਈ ਸਜ਼ਾ ਸੁਣਾਈ ਗਈ ਸੀ।