ਨਿਤੀਸ਼ ਸਰਕਾਰ ਵੱਲੋੋਂ ਸੇਵਾਮੁਕਤ ਪੱਤਰਕਾਰਾਂ ਦੀ ਮਾਸਿਕ ਪੈਨਸ਼ਨ ’ਚ 9000 ਰੁਪਏ ਦਾ ਵਾਧਾ
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ‘ਬਿਹਾਰ ਪੱਤਰਕਾਰ ਸਨਮਾਨ’ ਯੋਜਨਾ ਤਹਿਤ ਸੇਵਾਮੁਕਤ ਪੱਤਰਕਾਰਾਂ ਦੀ ਪੈਨਸ਼ਨ ਵਿੱਚ 9,000 ਰੁਪਏ ਪ੍ਰਤੀ ਮਹੀਨਾ ਵਾਧੇ ਦਾ ਐਲਾਨ ਕੀਤਾ ਹੈ। ਬਿਹਾਰ ਸਰਕਾਰ ਨਾਲ ਰਜਿਸਟਰਡ ਸਾਰੇ ਯੋਗ ਸੇਵਾਮੁਕਤ ਪੱਤਰਕਾਰਾਂ ਨੂੰ ਪਹਿਲਾਂ ਮਿਲਦੇ 6,000 ਰੁਪਏ ਮਾਸਿਕ ਦੀ ਥਾਂ ਹੁਣ 15,000 ਰੁਪਏ ਪ੍ਰਤੀ ਮਹੀਨਾ ਮਾਸਿਕ ਪੈਨਸ਼ਨ ਮਿਲੇਗੀ। ਇਹ ਫੈਸਲਾ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਿਆ ਗਿਆ ਹੈ।
ਮੁੱਖ ਮੰਤਰੀ ਨੇ ਸ਼ਨਿੱਚਰਵਾਰ ਨੂੰ X ’ਤੇ ਇੱਕ ਪੋਸਟ ਵਿੱਚ ਇਸ ਫੈਸਲੇ ਦਾ ਐਲਾਨ ਕਰਦਿਆਂ ਲਿਖਿਆ, ‘‘ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ‘ਬਿਹਾਰ ਪੱਤਰਕਾਰ ਸਨਮਾਨ’ ਪੈਨਸ਼ਨ ਯੋਜਨਾ ਤਹਿਤ ਸਾਰੇ ਯੋਗ ਪੱਤਰਕਾਰਾਂ ਨੂੰ 6,000 ਰੁਪਏ ਦੀ ਬਜਾਏ 15,000 ਰੁਪਏ ਮਾਸਿਕ ਪੈਨਸ਼ਨ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।’’ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਯੋਜਨਾ ਤਹਿਤ ਪੈਨਸ਼ਨ ਪ੍ਰਾਪਤ ਕਰਨ ਵਾਲੇ ਪੱਤਰਕਾਰ ਦੀ ਮੌਤ ਦੀ ਸਥਿਤੀ ਵਿੱਚ, ਉਨ੍ਹਾਂ ਦੇ ਆਸ਼ਰਿਤ/ਪਤੀ/ਪਤਨੀ ਨੂੰ ਪਹਿਲਾਂ ਦੀ 3,000 ਰੁਪਏ ਦੀ ਬਜਾਏ 10,000 ਰੁਪਏ ਦੀ ਜੀਵਨ ਭਰ ਮਾਸਿਕ ਪੈਨਸ਼ਨ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਕੁਮਾਰ ਨੇ ਕਿਹਾ, ‘‘ਪੱਤਰਕਾਰ ਜਮਹੂਰੀਅਤ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਲੋਕਤੰਤਰ ਦਾ ਚੌਥਾ ਥੰਮ੍ਹ ਹਨ ਅਤੇ ਸਮਾਜਿਕ ਵਿਕਾਸ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ। ਅਸੀਂ ਸ਼ੁਰੂ ਤੋਂ ਹੀ ਪੱਤਰਕਾਰਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਦੇ ਆ ਰਹੇ ਹਾਂ ਤਾਂ ਜੋ ਉਹ ਨਿਰਪੱਖਤਾ ਨਾਲ ਆਪਣੇ ਫਰਜ਼ ਨਿਭਾ ਸਕਣ ਅਤੇ ਸੇਵਾਮੁਕਤੀ ਤੋਂ ਬਾਅਦ ਸਨਮਾਨ ਨਾਲ ਜੀ ਸਕਣ।’’