ਨਿਤੀਸ਼ ਸਰਕਾਰ ਕੋਲ ਵਾਅਦੇ ਪੂਰੇ ਕਰਨ ਲਈ ਫੰਡ ਨਹੀਂ: ਤੇਜਸਵੀ
ਆਰ ਜੇ ਡੀ ਆਗੂ ਤੇਜਸਵੀ ਯਾਦਵ ਨੇ ਅੱਜ ਦਾਅਵਾ ਕੀਤਾ ਕਿ ਨਿਤੀਸ਼ ਕੁਮਾਰ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਨਹੀਂ ਕਰ ਸਕੇਗੀ, ਕਿਉਂਕਿ ਇਸ ਲਈ 7 ਲੱਖ ਕਰੋੜ ਰੁਪਏ ਦਾ ਵੱਡਾ ਖਰਚਾ ਆਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਦੁਹਰਾਇਆ ਕਿ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਵਿੱਚ ਕੀਤੇ ਗਏ ਐਲਾਨ ਉਨ੍ਹਾਂ ਵਾਅਦਿਆਂ ਦੀ ਨਕਲ ਹਨ ਜੋ ਉਨ੍ਹਾਂ ਪਹਿਲਾਂ ਕੀਤੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਕੋਲ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸੱਤਾਧਾਰੀ ਐੱਨ ਡੀ ਏ ਨੂੰ ਮਾਤ ਦੇਣ ਲਈ ਚੰਗੀ ਯੋਜਨਾ ਹੈ।
ਉਨ੍ਹਾਂ ਕਿਹਾ, ‘ਉਨ੍ਹਾਂ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਬਹੁਤ ਸਾਰੇ ਲਾਲਚ ਦਿੱਤੇ ਹਨ। ਇਸ ’ਤੇ 7 ਲੱਖ ਕਰੋੜ ਰੁਪਏ ਦਾ ਵੱਡਾ ਖਰਚਾ ਆਵੇਗਾ। ਉਨ੍ਹਾਂ ਕੋਲ ਵਾਅਦੇ ਪੂਰੇ ਕਰਨ ਲਈ ਲੋੜੀਂਦਾ ਮਾਲੀਆ ਨਹੀਂ ਹੈ।’ ਨਿਤੀਸ਼ ਕੁਮਾਰ ਸਰਕਾਰ ’ਤੇ ‘ਉਨ੍ਹਾਂ ਦੇ ਵਾਅਦਿਆਂ ਦੀ ਨਕਲ’ ਕਰਨ ਦਾ ਦੋਸ਼ ਲਾਉਂਦਿਆਂ ਯਾਦਵ ਨੇ ਕਿਹਾ, ‘ਹਾਲਾਂਕਿ ਸਾਡੇ ਕੋਲ ਸੱਤਾਧਾਰੀ ਐੱਨ ਡੀ ਏ ਨੂੰ ਮਾਤ ਦੇਣ ਲਈ ਇੱਕ ਚੰਗੀ ਯੋਜਨਾ ਹੈ। ਅਸੀਂ ਚੋਣਾਂ ਦਾ ਐਲਾਨ ਹੋਣ ਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਆਪਣੇ ਪੱਤੇ ਖੋਲ੍ਹਾਂਗੇ।’
ਉਨ੍ਹਾਂ ਇੱਕ ਪੁਰਾਣੀ ਵੀਡੀਓ ਕਲਿੱਪ ਵੀ ਚਲਾਈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੁਟਾਲਿਆਂ ਨੂੰ ਲੈ ਕੇ ਬਿਹਾਰ ਸਰਕਾਰ ’ਤੇ ਹਮਲਾ ਬੋਲਦੇ ਸੁਣਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਉਹ ਹੁਣ ਸਹਿਯੋਗੀ ਹਨ। ਪਰ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਬਾਰੇ ਬਹੁਤ ਕੁਝ ਬੋਲਣਾ ਪਸੰਦ ਕਰਦੇ ਹਨ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ ਭ੍ਰਿਸ਼ਟਾਚਾਰ ਘੁਟਾਲਿਆਂ ਦੇ ਸਬੰਧ ਵਿੱਚ ਕੀ ਕਾਰਵਾਈ ਕੀਤੀ ਹੈ ਜਿਨ੍ਹਾਂ ਨੂੰ ਉਹ ਬੇਨਕਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।’