ਐੱਨਆਈਏ ਵੱਲੋਂ ਹਿਜ਼ਬ-ਉਤ-ਤਹਿਰੀਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਹਿਜ਼ਬ-ਉਤ-ਤਹਿਰੀਰ (ਐੱਚਯੂਟੀ) ਦੇ ਤਿੰਨ ਮੈਂਬਰਾਂ ਖ਼ਿਲਾਫ਼ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਅਤੇ ਆਪਣੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਦੇਸ਼ ਤੇ ਹੋਰ ਸਰੋਤਾਂ ਤੋਂ ਫੰਡ ਇਕੱਠਾ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਸਬੰਧੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਅੱਜ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਆਈਪੀਸੀ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ, 1967 ਦੀਆਂ ਸਬੰਧਤ ਧਾਰਾਵਾਂ ਤਹਿਤ ਦਾਖ਼ਲ ਚਾਰਜਸ਼ੀਟ ਵਿੱਚ ਕਬੀਰ ਅਹਿਮਦ ਅਲੀਯਾਰ ਉਰਫ਼ ਕਬੀਰ ਅਹਿਮਦ, ਅਜ਼ੀਜ਼ ਅਹਿਮਦ ਉਰਫ਼ ਜਲੀਲ ਅਜ਼ੀਜ਼ ਅਹਿਮਦ ਅਤੇ ਬਾਵਾ ਬਹਿਰੂਦੀਨ ਉਰਫ਼ ਮੰਨਈ ਬਾਵਾ ਦੇ ਨਾਮ ਸ਼ਾਮਲ ਹਨ। ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਇਰਾਨ, ਤੁਰਕੀ, ਮਿਸਰ ਅਤੇ ਪਾਕਿਸਤਾਨ ਵਰਗੇ ਇਸਲਾਮੀ ਦੇਸ਼ਾਂ ਦੀ ਫੌਜੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਵਾਲੀ ਪ੍ਰਦਰਸ਼ਨੀ ਵੀ ਲਗਾਈ ਸੀ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਭਾਰਤੀ ਸਰਕਾਰ ਨੂੰ ਹਿੰਸਕ ਅਤੇ ਜੰਗ ਰਾਹੀਂ ਉਖਾੜ ਸੁੱਟਣ ਦਾ ਸੱਦਾ ਦੇਣਾ ਸੀ।