ਐੱਨ ਆਈ ਏ ਵੱਲੋਂ ਬਿਸ਼ਨੋਈ ਗਰੋਹ ਦੀ ਮਦਦ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਚਾਰਜਸ਼ੀਟ ਦਾਇਰ
ਗਰੋਹ ਮੈਂਬਰਾਂ ਨੂੰ ਦੇਸ਼ ’ਚੋਂ ਭਜਾਉਣ ਲਈ ਫ਼ਰਜ਼ੀ ਪਾਸਪੋਰਟ ਬਣਾਉਣ ’ਚ ਮਦਦ ਕਰਨ ਦਾ ਦੋਸ਼
Advertisement
ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਲਾਰੈਂਸ ਬਿਸ਼ਨੋਈ ਗਰੋਹ ਦੀ ਮਦਦ ਕਰਨ ਦੇ ਦੋਸ਼ ਹੇਠ ਇੱਕ ਹੋਰ ਮੁਲਜ਼ਮ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਉਸ ’ਤੇ ਅਤਿਵਾਦੀ ਗਤੀਵਿਧੀਆਂ ਜਾਰੀ ਰੱਖਣ ਲਈ ਗਰੋਹ ਮੈਂਬਰਾਂ ਨੂੰ ਦੇਸ਼ ’ਚੋਂ ਭਜਾਉਣ ਵਾਸਤੇ ਫਰਜ਼ੀ ਪਾਸਪੋਰਟ ਬਣਾਉਣ ’ਚ ਮਦਦ ਕਰਨ ਦਾ ਦੋਸ਼ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਮਾਮਲਾ ਬਿਸ਼ਨੋਈ ਗਰੋਹ ਵੱਲੋਂ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀ ਕੇ ਆਈ) ਨਾਲ ਮਿਲ ਕੇ ਭਾਰਤ ਵਿੱਚ ਅਤਿਵਾਦ ਫੈਲਾਉਣ ਲਈ ਰਚੀ ਗਈ ਸਾਜ਼ਿਸ਼ ਨਾਲ ਸਬੰਧਤ ਹੈ। ਦਿੱਲੀ ਦੀ ਪਟਿਆਲਾ ਹਾਊਸ ਸਥਿਤ ਐੱਨ ਆਈ ਏ ਦੀ ਵਿਸ਼ੇਸ਼ ਅਦਾਲਤ ਵਿੱਚ ਸ਼ਨਿਚਰਵਾਰ ਨੂੰ ਦਾਇਰ ਆਪਣੀ ਪੰਜਵੀਂ ਚਾਰਜਸ਼ੀਟ ਵਿੱਚ ਜਾਂਚ ਏਜੰਸੀ ਨੇ ਰਾਹੁਲ ਸਰਕਾਰ ’ਤੇ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਗਰੋਹ ਦੇ ਮੈਂਬਰਾਂ ਦੀ ਮਦਦ ਕਰਨ ਦਾ ਦੋਸ਼ ਲਾਇਆ ਹੈ। ਸਰਕਾਰ ਇਸ ਮਾਮਲੇ ਵਿੱਚ ਹੁਣ ਤੱਕ ਚਾਰਜਸ਼ੀਟ ਕੀਤਾ ਗਿਆ 22ਵਾਂ ਮੁਲਜ਼ਮ ਹੈ। ਐੱਨ ਆਈ ਏ ਵੱਲੋਂ ਜਾਰੀ ਬਿਆਨ ਅਨੁਸਾਰ ਇਨ੍ਹਾਂ ’ਚੋਂ ਸਰਕਾਰ ਸਮੇਤ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਚਾਰ ਫ਼ਰਾਰ ਹਨ।ਬਿਆਨ ਅਨੁਸਾਰ ਸਰਕਾਰ ਗਰੋਹ ਦੇ ਮੈਂਬਰਾਂ ਨੂੰ ਦੇਸ਼ ’ਚੋਂ ਭਜਾਉਣ, ਆਧਾਰ ਕਾਰਡ, ਵੋਟਰ ਆਈ ਡੀ ਤੇ ਬੈਂਕ ਪਾਸਬੁੱਕ ਤਿਆਰ ਕਰਨ ਵਿੱਚ ਮਦਦ ਕਰਦਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਸਹਿ-ਮੁਲਜ਼ਮ ਸਚਿਨ ਬਿਸ਼ਨੋਈ ਸਮੇਤ ਗਰੋਹ ਦੇ ਹੋਰ ਮੈਂਬਰਾਂ ਨੂੰ ਦੇਸ਼ ਤੋਂ ਭਜਾਉਣ ਲਈ ਪਾਸਪੋਰਟ ਬਣਾਉਣ ਵਿੱਚ ਮਦਦ ਕਰਨ ਵਾਸਤੇ ਕੀਤੀ ਸੀ। ਅਸਲ ਵਿੱਚ ਇਹ ਮਾਮਲਾ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ 4 ਅਗਸਤ 2022 ਨੂੰ ਦਰਜ ਕੀਤਾ ਸੀ ਅਤੇ ਉਸੇ ਸਾਲ 26 ਅਗਸਤ ਨੂੰ ਐੱਨ ਆਈ ਏ ਨੇ ਜਾਂਚ ਸੰਭਾਲੀ ਸੀ।
Advertisement
Advertisement