NIA Espionage Arrest: ਪਾਕਿ ਏਜੰਟਾਂ ਨੂੰ ਅਹਿਮ ਰੱਖਿਆ ਭੇਤ ਦੇਣ ਦੇ ਦੋਸ਼ ਹੇਠ ਐਨਆਈਏ ਵੱਲੋਂ 3 ਗ੍ਰਿਫ਼ਤਾਰ
ਨਵੀਂ ਦਿੱਲੀ, 19 ਫਰਵਰੀ
NIA Espionage Arrest: ਅਤਿਵਾਦ ਵਿਰੋਧੀ ਜਾਂਚ ਕਰਨ ਵਾਲੀ ਸੰਘੀ ਏਜੰਸੀ ਐਨਆਈਏ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਨੇ ਪਾਕਿਸਤਾਨ ਸਥਿਤ ਖੁਫੀਆ ਏਜੰਟਾਂ ਨੂੰ ਦੇਸ਼ ਦੀ ਰੱਖਿਆ ਸਬੰਧੀ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੌਮੀ ਜਾਂਚ ਏਜੰਸੀ (National Investigation Agency - NIA) ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਕਾਰਵਾਰ ਨੇਵਲ ਬੇਸ ਅਤੇ ਕੋਚੀ ਨੇਵਲ ਬੇਸ (Karwar Naval Base and Kochi Naval Base) 'ਤੇ ਦੇਸ਼ਧਰੋਹ ਕਰਦੇ ਹੋਏ ਭਾਰਤੀ ਰੱਖਿਆ ਟਿਕਾਣਿਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਦੁਸ਼ਮਣ ਨੂੰ ਦੇ ਰਹੇ ਸਨ।
ਮੁਲਜ਼ਮਾਂ ਦੀ ਪਛਾਣ ਵੇਤਾਨ ਲਕਸ਼ਮਣ ਟੰਡੇਲ, ਅਕਸ਼ੈ ਰਵੀ ਨਾਇਕ ਅਤੇ ਅਭਿਲਾਸ਼ ਪੀਏ (Vethan Laxman Tandel, Akshay Ravi Naik and Abhilash P A) ਵਜੋਂ ਹੋਈ ਹੈ। ਏਜੰਸੀ ਨੇ ਕਿਹਾ ਕਿ ਟੰਡੇਲ ਅਤੇ ਨਾਇਕ ਨੂੰ ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂਕਿ ਅਭਿਲਾਸ਼ ਪੀਏ ਨੂੰ ਕੇਰਲ ਦੇ ਕੋਚੀ ਤੋਂ ਫੜਿਆ ਗਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਸਥਾਨਕ ਪੁਲੀਸ ਦੀ ਸਹਾਇਤਾ ਨਾਲ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵ (PIOs) ਦੇ ਸੰਪਰਕ ਵਿੱਚ ਪਾਏ ਗਏ ਹਨ। NIA ਦੀ ਜਾਂਚ ਦੇ ਅਨੁਸਾਰ, ਉਹ ਕਾਰਵਾਰ ਨੇਵਲ ਬੇਸ ਅਤੇ ਕੋਚੀ ਨੇਵਲ ਬੇਸ 'ਤੇ ਭਾਰਤੀ ਰੱਖਿਆ ਸਥਾਪਨਾਵਾਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਹੇ ਸਨ ਅਤੇ ਜਾਣਕਾਰੀ ਦੇ ਬਦਲੇ PIOs ਤੋਂ ਪੈਸੇ ਲੈ ਰਹੇ ਸਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਇਹ ਤਿੰਨ ਵੀ ਸ਼ਾਮਲ ਹਨ। -ਪੀਟੀਆਈ